ਕੈਂਸਰ ਵੀ ਨਾ ਢਾਹ ਸਕਿਆ 16 ਸਾਲਾ ਮੁੰਡੇ ਦਾ ਹੌਂਸਲਾ, ਜਜ਼ਬਾ ਅਜਿਹਾ ਦੇਖ ਤੁਸੀਂ ਵੀ ਕਰੋਗੇ ਸਲਾਮਾਂ

Wednesday, Feb 07, 2024 - 04:36 PM (IST)

ਕੈਂਸਰ ਵੀ ਨਾ ਢਾਹ ਸਕਿਆ 16 ਸਾਲਾ ਮੁੰਡੇ ਦਾ ਹੌਂਸਲਾ, ਜਜ਼ਬਾ ਅਜਿਹਾ ਦੇਖ ਤੁਸੀਂ ਵੀ ਕਰੋਗੇ ਸਲਾਮਾਂ

ਸ਼ਾਂਤੀਪੁਰ (ਭਾਸ਼ਾ)- ਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ ਦਾ 16 ਸਾਲਾ ਇਕ ਮੁੰਡਾ ਕੈਂਸਰ ਕਾਰਨ ਆਪਣਾ ਸੱਜਾ ਹੱਥ ਗੁਆਉਣ ਤੋਂ ਬਾਅਦ ਖੱਬੇ ਹੱਥ ਨਾਲ 10ਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਦੇ ਰਿਹਾ ਹੈ। ਸ਼ਾਂਤੀਪੁਰ ਖੇਤਰ ਦੇ ਪਿੰਡ ਹਰੀਪੁਰ ਨਰਪਤੀਪਾਰਾ ਦੇ ਰਹਿਣ ਵਾਲੇ ਸ਼ੁਬਜੀਤ ਬਿਸਵਾਸ ਨੇ ਪ੍ਰੀਖਿਆ ਲਈ ਪਿਛਲੇ 2 ਮਹੀਨਿਆਂ ਵਿਚ ਖੱਬੇ ਹੱਥ ਨਾਲ ਲਿਖਣਾ ਸਿੱਖ ਲਿਆ ਹੈ। ਬਿਸਵਾਸ ਦਾ ਪ੍ਰੀਖਿਆ ਕੇਂਦਰ ਨਰਸਿੰਘਪੁਰ ਹਾਈ ਸਕੂਲ ਹੈ। ਇਸ ਸਕੂਲ ਦੇ ਪ੍ਰਿੰਸੀਪਲ ਸੌਮਿਤਰ ਬਿਦਿਆਰਥ ਨੇ ਕਿਹਾ,“ਅਸੀਂ ਉਸ ਲਈ ਹਰ ਤਰ੍ਹਾਂ ਦੀ ਡਾਕਟਰੀ ਸਹਾਇਤਾ ਤਿਆਰ ਕਰ ਲਈ ਹੈ ਪਰ ਉਸ ਨੇ ਪੇਪਰ ਲਈ ਕੋਈ ਵਾਧੂ ਸਮਾਂ ਨਹੀਂ ਮੰਗਿਆ। ਉਸ ਨੇ ਕਿਸੇ ਹੋਰ ਵਿਅਕਤੀ ਤੋਂ ਲਿਖਵਾਉਣ ਦਾ ਵਿਕਲਪ ਵੀ ਨਹੀਂ ਚੁਣਿਆ।'' ਮੁੰਡੇ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਉਸ ਦੀ ਸੱਜੀ ਬਾਂਹ ਵਿਚ ਟਿਊਮਰ ਸੀ ਅਤੇ ਬਾਅਦ ਵਿਚ ਉਸ ਨੂੰ ਕੈਂਸਰ ਦਾ ਪਤਾ ਲੱਗਾ। ਕੋਲਕਾਤਾ ਵਿਚ ਸ਼ੁਰੂਆਤੀ ਜਾਂਚ ਤੋਂ ਬਾਅਦ, ਉਸ ਦਾ ਇਲਾਜ ਬੈਂਗਲੁਰੂ ਵਿਚ ਹੋਇਆ, ਜਿੱਥੇ ਪਰਿਵਾਰ ਨੂੰ 2 ਸਾਲ ਰਹਿਣਾ ਪਿਆ ਪਰ ਹੱਥ ਨਹੀਂ ਬਚਾਇਆ ਜਾ ਸਕਿਆ।

ਇਹ ਵੀ ਪੜ੍ਹੋ : ਨਾਨਕੇ ਆਏ 2 ਸਾਲਾ ਮਾਸੂਮ ਨੇ ਪਾਣੀ ਸਮਝ ਕੇ ਪੀ ਲਿਆ ਕੀਟਨਾਸ਼ਕ, ਤੜਫ਼-ਤੜਫ਼ ਕੇ ਤੋੜਿਆ ਦਮ

ਬਿਸਵਾਸ ਨੇ ਕਿਹਾ,"ਪਿਛਲੇ ਸਾਲ ਦਸੰਬਰ ਵਿਚ ਕੂਹਣੀ ਤੋਂ ਮੇਰਾ ਸੱਜਾ ਹੱਥ ਕੱਟ ਦਿੱਤਾ ਗਿਆ। ਉਦੋਂ ਤੋਂ ਮੈਂ ਆਪਣੇ ਖੱਬੇ ਹੱਥ ਨਾਲ ਲਿਖਣ ਦਾ ਅਭਿਆਸ ਕੀਤਾ। ਸ਼ੁਰੂ ਵਿਚ ਇਹ ਬਹੁਤ ਮੁਸ਼ਕਲ ਸੀ ਅਤੇ ਮੈਂ ਇਸ ਨੂੰ ਲੈ ਕੇ ਬਹੁਤ ਰੋਇਆ ਪਰ ਹੌਲੀ-ਹੌਲੀ ਰੋਜ਼ਾਨਾ ਅਭਿਆਸ ਨਾਲ ਗਤੀ ਵਿਚ ਸੁਧਾਰ ਹੋਇਆ ਹੈ ਅਤੇ ਹੁਣ ਮੈਂ ਸਿੱਧਾ ਲਿਖਣ 'ਚ ਸਮਰੱਥ ਹਾਂ।'' ਇਲਾਜ ਦੇ ਖਰਚੇ ਨੇ ਪਰਿਵਾਰ ਦੀ ਆਰਥਿਕ ਹਾਲਤ ਨੂੰ ਪ੍ਰਭਾਵਿਤ ਕੀਤਾ ਹੈ। ਉਸ ਦੇ ਪਿਤਾ ਇੰਦਰਜੀਤ ਬਿਸਵਾਸ ਪਹਿਲੇ ਇਕ ਹੈਂਡਲੂਮ ਯੂਨਿਟ ਵਿਚ ਇਕ ਜੁਲਾਹੇ ਵਜੋਂ ਕੰਮ ਕਰਦੇ ਸਨ ਪਰ ਹੁਣ ਕੋਲਕਾਤਾ ਵਿਚ ਇਕ ਨਿਰਮਾਣ ਮਜ਼ਦੂਰ ਵਜੋਂ ਕੰਮ ਕਰਦੇ ਹਨ। ਉਸ ਦੀ ਮਾਂ ਘਰੇਲੂ ਸਹਾਇਕਾ ਵਜੋਂ ਕੰਮ ਕਰਦੀ ਹੈ। ਆਪਣੀਆਂ ਦੋ ਭੈਣਾਂ ਦੇ ਵਿਆਹ ਤੋਂ ਬਾਅਦ, ਮੁੰਡਾ ਹੁਣ ਆਪਣੇ ਚਾਚੇ ਅਤੇ ਚਾਚੀ ਨਾਲ ਰਹਿੰਦਾ ਹੈ। ਮੁੰਡੇ ਦੇ ਚਾਚਾ ਅਰਿਜੀਤ ਬਿਸਵਾਸ ਨੇ ਦੱਸਿਆ,"ਉਸ ਦੇ ਮਾਤਾ-ਪਿਤਾ ਉਸ ਦੇ ਇਲਾਜ ਦੌਰਾਨ ਹੋਏ ਖਰਚੇ ਕਾਰਨ ਕਰਜ਼ੇ ਵਿਚ ਡੁੱਬ ਗਏ ਹਨ। ਉਨ੍ਹਾਂ ਕੋਲ ਇਕ ਛੋਟੇ ਜਿਹੇ ਟੁੱਟੇ-ਭੱਜੇ ਘਰ ਤੋਂ ਇਲਾਵਾ ਕੁਝ ਨਹੀਂ ਬਚਿਆ ਹੈ ਪਰ ਅਸੀਂ ਉਸ ਦੇ ਨਾਲ ਹਾਂ। ਸਾਨੂੰ ਪ੍ਰਮਾਤਮਾ 'ਤੇ ਬਹੁਤ ਭਰੋਸਾ ਹੈ। ਉਹ ਜ਼ਰੂਰ ਕਾਮਯਾਬ ਹੋਵੇਗਾ।" ਇਮਤਿਹਾਨ ਵਿਚ ਸ਼ਾਮਲ ਹੋਏ ਮੁੰਡੇ ਦੀ ਹਿੰਮਤ ਦੀ ਗੁਆਂਢੀਆਂ ਅਤੇ ਉਸ ਦੇ ਅਧਿਆਪਕਾਂ ਨੇ ਸ਼ਲਾਘਾ ਕੀਤੀ ਹੈ। ਪੱਛਮੀ ਬੰਗਾਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਦੁਆਰਾ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ 2 ਫਰਵਰੀ ਤੋਂ ਚੱਲ ਰਹੀਆਂ ਹਨ ਅਤੇ ਹੁਣ ਤੱਕ ਤਿੰਨ ਪੇਪਰ ਹੋ ਚੁੱਕੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News