ਗਲਤੀ ਨਾਲ ਚੱਲੀ ਗੋਲੀ, ਮੁੰਡੇ ਦੀ ਮੌਤ

Monday, Feb 17, 2025 - 05:37 PM (IST)

ਗਲਤੀ ਨਾਲ ਚੱਲੀ ਗੋਲੀ, ਮੁੰਡੇ ਦੀ ਮੌਤ

ਕਰਨਾਟਕ- ਕਰਨਾਟਕ ਦੇ ਮਾਂਡਿਆ ਜ਼ਿਲ੍ਹੇ ਦੇ ਨਾਗਮੰਗਲਾ ਤਾਲੁਕ ਵਿਚ ਖੇਡਦੇ ਸਮੇਂ 15 ਸਾਲਾ ਮੁੰਡੇ ਵਲੋਂ ਗਲਤੀ ਨਾਲ ਗੋਲੀ ਚੱਲ ਗਈ। ਜਿਸ ਕਾਰਨ 4 ਸਾਲ ਦੇ ਇਕ ਮੁੰਡੇ ਦੀ ਮੌਤ ਹੋ ਗਈ ਅਤੇ ਉਸ ਦੀ ਮਾਂ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਅਭਿਜੀਤ ਵਜੋਂ ਹੋਈ ਹੈ, ਜੋ ਪੱਛਮੀ ਬੰਗਾਲ ਦੇ ਇਕ ਪ੍ਰਵਾਸੀ ਮਜ਼ਦੂਰ ਦਾ ਬੱਚਾ ਸੀ।

ਪੁਲਸ ਨੇ ਦੱਸਿਆ ਕਿ ਘਟਨਾ ਐਤਵਾਰ ਸ਼ਾਮ ਕਰੀਬ 5:45 ਵਜੇ ਇਕ ਪੋਲਟਰੀ ਫਾਰਮ 'ਚ ਵਾਪਰੀ, ਜਿੱਥੇ ਪਰਿਵਾਰ ਕੰਮ ਕਰਦਾ ਸੀ। ਇਕ 15 ਸਾਲ ਦਾ ਮੁੰਡਾ ਪੋਲਟਰੀ ਫਾਰਮ 'ਚ ਬਣੇ ਇਕ ਛੋਟੇ ਜਿਹੇ ਘਰ ਵਿਚ ਆਇਆ ਅਤੇ ਉਸ ਨੇ ਸਿੰਗਲ ਬੈਰਲ ਬ੍ਰੀਚ ਲੋਡਿੰਗ (SBBL) ਬੰਦੂਕ ਕੰਧ ਉੱਤੇ ਲਟਕਦੀ ਦੇਖੀ। ਉਸ ਨੇ ਬੰਦੂਕ ਨਾਲ ਖੇਡਣਾ ਸ਼ੁਰੂ ਕਰ ਦਿੱਤਾ ਅਤੇ ਅਚਾਨਕ ਮੁੰਡੇ ਤੋਂ ਬੰਦੂਕ ਚੱਲ ਗਈ, ਜੋ 4 ਸਾਲਾ ਮੁੰਡੇ ਦੇ ਢਿੱਡ ਅਤੇ ਉਸ ਦੀ 30 ਸਾਲਾ ਮਾਂ ਦੀ ਲੱਤ ਵਿਚ ਜਾ ਵੱਜੀ।

ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਜ਼ਿਆਦਾ ਖੂਨ ਵਹਿਣ ਕਾਰਨ ਚਾਰ ਸਾਲ ਦੇ ਬੱਚੇ ਦੀ ਮੌਤ ਹੋ ਗਈ। ਉਸ ਦੀ ਮਾਂ ਖਤਰੇ ਤੋਂ ਬਾਹਰ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਸ ਅਧਿਕਾਰੀ ਨੇ ਕਿਹਾ ਅਸੀਂ ਬੰਦੂਕ ਚਲਾਉਣ ਵਾਲੇ ਮੁੰਡੇ ਦੇ ਖਿਲਾਫ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ ਤਹਿਤ ਦੋਸ਼ੀ ਖਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਹੈ ਅਤੇ ਲਾਪ੍ਰਵਾਹੀ ਨਾਲ ਲਾਇਸੈਂਸਸ਼ੁਦਾ ਬੰਦੂਕ ਰੱਖਣ ਲਈ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਪੋਲਟਰੀ ਫਾਰਮ ਦੇ ਮਾਲਕ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ।

ਘਟਨਾ ਦੇ ਸਬੰਧ 'ਚ ਦੋਸ਼ੀ ਮੁੰਡੇ ਅਤੇ ਅਸਲਾ ਲਾਇਸੈਂਸ ਧਾਰਕ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਨੇ ਦੱਸਿਆ ਕਿ ਦੋਸ਼ੀ ਮੁੰਡਾ ਵੀ ਪੱਛਮੀ ਬੰਗਾਲ ਦਾ ਵਸਨੀਕ ਹੈ ਅਤੇ ਨੇੜੇ ਹੀ ਇਕ ਹੋਰ ਪੋਲਟਰੀ ਫਾਰਮ 'ਚ ਕੰਮ ਕਰਦਾ ਸੀ। ਉਨ੍ਹਾਂ ਦੱਸਿਆ ਕਿ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।


 


author

Tanu

Content Editor

Related News