ਪ੍ਰੇਮੀ ਨੂੰ ਮੰਜੀ ਨਾਲ ਬੰਨ੍ਹ ਕੇ ਜ਼ਿੰਦਾ ਸਾੜਿਆ, ਸਦਮੇ ''ਚ ਮਾਂ ਦੀ ਮੌਤ

09/17/2019 2:04:10 PM

ਹਰਦੋਈ— ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲੇ ਵਿਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਆਪਣੀ ਪ੍ਰੇਮਿਕਾ ਨੂੰ ਮਿਲਣ ਉਸ ਦੇ ਘਰ ਗਏ ਨੌਜਵਾਨ ਨੂੰ ਕੁੜੀ ਦੇ ਪਰਿਵਾਰ ਵਾਲਿਆਂ ਨੇ ਮੰਜੀ ਨਾਲ ਬੰਨ੍ਹ ਕੇ ਜ਼ਿੰਦਾ ਸਾੜ ਦਿੱਤਾ। ਤਕਰੀਬਨ 50 ਫੀਸਦੀ ਝੁਲਸੇ ਨੌਜਵਾਨ ਨੇ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਓਧਰ ਪੁੱਤਰ ਦੀ ਮੌਤ ਦੀ ਖ਼ਬਰ ਮਿਲਦੇ ਹੀ ਮਾਂ ਨੇ ਸਦਮੇ 'ਚ ਦਮ ਤੋੜ ਦਿੱਤਾ। ਪੁਲਸ ਨੇ ਇਸ ਮਾਮਲੇ 'ਚ ਕੁੜੀ ਸਮੇਤ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਮਾਮਲਾ ਕੋਤਵਾਲੀ ਸ਼ਹਿਰ ਇਲਾਕੇ ਦੇ ਭਦੈਚਾ ਪਿੰਡ ਦਾ ਹੈ। ਪੁਲਸ ਦੋਸ਼ੀ ਪੱਖ ਤੋਂ ਪੁੱਛ-ਗਿੱਛ ਕਰ ਰਹੀ ਹੈ। 

ਪੁਲਸ ਅਫਸਰ ਆਲੋਕ ਪ੍ਰਿਅਦਰਸ਼ਨੀ ਨੇ ਦੱਸਿਆ ਕਿ ਪਿੰਡ ਦਾ ਹੀ ਮੋਨੂੰ, ਰਾਧੇਸ਼ਿਆਮ ਦੀ ਭਤੀਜੀ ਨਾਲ ਪਿਆਰ ਕਰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਲੱਗਭਗ 6 ਸਾਲ ਪਹਿਲਾਂ ਪ੍ਰੇਮੀ ਜੋੜਾ ਘਰ ਤੋਂ ਫਰਾਰ ਹੋ ਗਿਆ ਸੀ ਪਰ ਉਦੋਂ ਕੁੜੀ ਦੇ ਪਰਿਵਾਰ ਵਾਲੇ ਉਸ ਨੂੰ ਲੱਭ ਕੇ ਵਾਪਸ ਲੈ ਆਏ ਸਨ। ਬੀਤੇ ਦਿਨ ਮੋਨੂੰ ਆਪਣੀ ਪ੍ਰੇਮਿਕਾ ਨੂੰ ਮਿਲਣ ਉਸ ਦੇ ਘਰ ਜਾ ਪੁੱਜਾ। ਕੁੜੀ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਫੜ ਲਿਆ ਅਤੇ ਘਰ ਦੀ ਕੋਠੜੀ 'ਚ ਮੰਜੀ ਨਾਲ ਬੰਨ੍ਹ ਕੇ ਉਸ ਨੂੰ ਅੱਗ ਲਾ ਦਿੱਤੀ। ਮੋਨੂੰ ਦੀਆਂ ਚੀਕਾਂ ਸੁਣ ਕੇ ਆਲੇ-ਦੁਆਲੇ ਦੇ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਮੌਕੇ 'ਤੇ ਪੁੱਜੀ ਪੁਲਸ ਨੇ ਮੋਨੂੰ ਨੂੰ ਛੁਡਵਾਇਆ ਅਤੇ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ। 

ਪੁਲਸ ਮੁਤਾਬਕ ਮੋਨੂੰ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਲਖਨਊ ਰੈਫਰ ਕਰ ਦਿੱਤਾ ਗਿਆ ਪਰ ਰਸਤੇ ਵਿਚ ਹੀ ਉਸ ਨੇ ਦਮ ਤੋੜ ਦਿੱਤਾ। ਐੱਸ. ਪੀ. ਪ੍ਰਿਅਦਰਸ਼ਨੀ ਨੇ ਕਿਹਾ ਕਿ ਪੁੱਤਰ ਦੀ ਮੌਤ ਦੀ ਖ਼ਬਰ ਸੁਣਦੇ ਹੀ ਹਸਪਤਾਲ 'ਚ ਭਰਤੀ ਉਸ ਦੀ ਬੀਮਾਰ ਮਾਂ ਨੇ ਵੀ ਸਦਮੇ ਨਾਲ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮੋਨੂੰ ਦੀ ਮਾਂ ਕਾਫੀ ਸਮੇਂ ਤੋਂ ਬੀਮਾਰ ਸੀ। ਫਿਲਹਾਲ ਪੁਲਸ ਗ੍ਰਿਫਤਾਰ 3 ਦੋਸ਼ੀਆਂ ਤੋਂ ਪੁੱਛ-ਗਿੱਛ ਕਰ ਰਹੀ ਹੈ।


Tanu

Content Editor

Related News