‘ਬਾਬੇ ਨਾਨਕ’ ਦੇ ਗੁਰ ਪੁਰਬ ਸਬੰਧੀ ਗੁਰਦੁਆਰਾ ਬੰਗਲਾ ਸਾਹਿਬ ’ਚ ਭਲਕੇ ਤੋਂ ਲੱਗੇਗੀ ‘ਪੁਸਤਕ ਪ੍ਰਦਰਸ਼ਨੀ’
Wednesday, Nov 10, 2021 - 05:28 PM (IST)
ਨਵੀਂ ਦਿੱਲੀ (ਵਾਰਤਾ)— ਪੰਜਾਬ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਵੇਖਦਿਆਂ ਇੱਥੇ ਗੁਰਦੁਆਰਾ ਬੰਗਲਾ ਸਾਹਿਬ ਵਿਚ ਪੁਸਤਕ ਪ੍ਰਦਰਸ਼ਨੀ ਦਾ ਆਯੋਜਨ ਕਰ ਰਹੀ ਹੈ। ਪੰਜਾਬ ਭਵਨ ਦੇ ਸਾਹਿਤ ਕੇਂਦਰ, ਭਾਸ਼ਾ ਵਿਭਾਗ ਦੀ ਵਿਸ਼ੇਸ਼ ਕਾਰਜ ਅਧਿਕਾਰੀ ਮਨਦੀਪ ਸੰਧੂ ਨੇ ਦੱਸਿਆ ਕਿ ਇਸ ਸਾਲ ਵੀ 11 ਨਵੰਬਰ ਤੋਂ 22 ਨਵੰਬਰ ਤੱਕ ਪੁਸਤਕ ਪ੍ਰਦਰਸ਼ਨੀ ਲਾਈ ਜਾ ਰਹੀ ਹੈ।
ਸੰਧੂ ਨੇ ਅੱਗੇ ਦੱਸਿਆ ਕਿ ਇਸ ਦੌਰਾਨ ਪੰਜਾਬੀ, ਹਿੰਦੀ, ਅੰਗਰੇਜ਼ੀ ਅਤੇ ਉਰਦੂ ਸਾਹਿਤ ਅਤੇ ਪੰਜਾਬ ਤੇ ਭਾਰਤ ਨਾਲ ਸਬੰਧਤ ਪੁਸਤਕਾਂ ਪ੍ਰਦਰਸ਼ਿਤ ਕੀਤੀਆਂ ਜਾਂਦੀਆਂ ਹਨ। ਇਸ ਪ੍ਰਦਰਸ਼ਨੀ ਵਿਚ ਅਜਿਹੀਆਂ ਕਿਤਾਬਾਂ ਵੀ ਸ਼ਾਮਲ ਹੁੰਦੀਆਂ ਹਨ, ਜੋ ਬੱਚਿਆਂ ਦੇ ਵਿਕਾਸ ਲਈ ਸਹਾਇਕ ਸਿੱਧ ਹੁੰਦੀਆਂ ਹਨ। ਉਨ੍ਹਾਂ ਦੱਸਿਆ ਕਿ ਸਾਹਿਤ ਕੇਂਦਰ ਵਲੋਂ ਚਿੱਠੀਆਂ ਅਤੇ ਈ-ਮੇਲ ਜ਼ਰੀਏ ਦਿੱਲੀ ਦੇ ਸਕੂਲਾਂ ਅਤੇ ਕਾਲਜਾਂ ਨੂੰ ਇਸ ਬਾਰੇ ਸੂਚਨਾ ਦਿੱਤੀ ਗਈ ਹੈ, ਜਿਸ ਨਾਲ ਉਹ ਵੀ ਆਪਣੇ ਸਟਾਫ਼ ਅਤੇ ਵਿਦਿਆਰਥੀਆਂ ਸਮੇਤ ਇਸ ਪ੍ਰਦਰਸ਼ਨੀ ’ਚ ਹਿੱਸਾ ਲੈ ਕੇ ਆਪਣੇ ਗਿਆਨ ’ਚ ਵਾਧਾ ਕਰ ਸਕਣਗੇ। ਇਸ ਤੋਂ ਇਲਾਵਾ ਆਪਣੀ ਪਸੰਦ ਮੁਤਾਬਕ ਵਾਜਿਬ ਕੀਮਤ ’ਤੇ ਪੁਸਤਕਾਂ ਖਰੀਦ ਸਕਦੇ ਹਨ।
ਇਸ ਬਾਬਤ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਟਵਿੱਟਰ ਹੈਂਡਲ ’ਤੇ ਟਵੀਟ ਕਰ ਕੇ ਕਿਹਾ ਕਿ ਇਹ ਤੁਹਾਡੇ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖ ਧਰਮ ਬਾਰੇ ਵਧੇਰੇ ਜਾਣਨ ਦਾ ਮੌਕਾ ਹੈ। ਹੱਥ ਜੋੜ ਕੇ ਗੁਰਦੁਆਰਾ ਬੰਗਲਾ ਸਾਹਿਬ ਵਿਚ ਇਸ ਪ੍ਰਦਰਸ਼ਨੀ ਵਿਚ ਜਾਓ।