ਭਾਰਤੀ ਮਛੇਰੇ ਦੀ ਲਾਸ਼ ਜੱਦੀ ਪਿੰਡ ਪਹੁੰਚੀ, ਕਈ ਸਾਲਾਂ ਤੋਂ ਪਾਕਿਸਤਾਨੀ ਜੇਲ੍ਹ ''ਚ ਸੀ ਬੰਦ

Monday, Nov 25, 2024 - 04:06 PM (IST)

ਭਾਰਤੀ ਮਛੇਰੇ ਦੀ ਲਾਸ਼ ਜੱਦੀ ਪਿੰਡ ਪਹੁੰਚੀ, ਕਈ ਸਾਲਾਂ ਤੋਂ ਪਾਕਿਸਤਾਨੀ ਜੇਲ੍ਹ ''ਚ ਸੀ ਬੰਦ

ਪੋਰਬੰਦਰ- ਪਿਛਲੇ ਮਹੀਨੇ ਪਾਕਿਸਤਾਨ ਦੀ ਜੇਲ੍ਹ 'ਚ ਦਿਲ ਦਾ ਦੌਰਾ ਪੈਣ ਕਾਰਨ ਦਮ ਤੋੜਨ ਵਾਲੇ 31 ਸਾਲਾ ਇਕ ਮਛੇਰੇ ਦੀ ਲਾਸ਼ ਗੁਜਰਾਤ 'ਚ ਜੂਨਾਗੜ੍ਹ ਜ਼ਿਲ੍ਹੇ ਦੇ ਉਸ ਦੇ ਜੱਦੀ ਨਨਵਾਡਾ ਪਿੰਡ 'ਚ ਉਸ ਦੇ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਪੋਰਬੰਦਰ ਵਾਸੀ ਹਰੀਭਾਈ ਸੋਸਾ 2021 ਦੀ ਸ਼ੁਰੂਆਤ 'ਚ ਪਾਕਿਸਤਾਨੀ ਸੁਰੱਖਿਆ ਬਲਾਂ ਵਲੋਂ ਫੜੇ ਜਾਣ ਮਗਰੋਂ ਤਿੰਨ ਸਾਲਾਂ ਤੋਂ ਵੱਧ ਸਮੇਂ ਤੋਂ ਕਰਾਚੀ ਦੀ ਇਕ ਜੇਲ੍ਹ 'ਚ ਬੰਦ ਸੀ। ਉਸ ਨੂੰ ਅਰਬ ਸਾਗਰ ਵਿਚ ਮੱਛੀਆਂ ਫੜਨ ਦੌਰਾਨ ਕੌਮਾਂਤਰੀ ਸਰਹੱਦ ਨੇੜੇ ਫੜਿਆ ਗਿਆ ਸੀ। 

ਅਧਿਕਾਰੀਆਂ ਮੁਤਾਬਕ 25 ਅਕਤੂਬਰ ਨੂੰ ਕਰਾਚੀ ਜੇਲ੍ਹ 'ਚ ਦਿਲ ਦਾ ਦੌਰਾ ਪੈਣ ਕਾਰਨ ਸੋਸਾ (31) ਦੀ ਮੌਤ ਹੋ ਗਈ। ਉਨ੍ਹਾਂ ਮੁਤਾਬਕ ਪੰਜਾਬ ਦੇ ਅਟਾਰੀ ਬਾਰਡਰ 'ਤੇ ਸੋਸਾ ਦੀ ਲਾਸ਼ ਭਾਰਤੀ ਅਧਿਕਾਰੀਆਂ ਨੂੰ ਸੌਂਪੀ ਗਈ ਅਤੇ ਉੱਥੋਂ ਉਸ ਦੀ ਲਾਸ਼ ਨੂੰ ਐਤਵਾਰ ਰਾਤ ਨਨਵਾਡਾ ਪਿੰਡ ਲਿਆਂਦਾ ਗਿਆ। ਪੋਰਬੰਦਰ ਦੇ ਮੱਛੀ ਪਾਲਣ ਅਧਿਕਾਰੀ ਆਸ਼ੀਸ਼ ਵਾਘੇਲਾ ਨੇ ਦੱਸਿਆ ਕਿ ਜਦੋਂ ਸੋਸਾ ਪੋਰਬੰਦਰ ਤੱਟ ਨਾਲ ਲੱਗਦੇ ਸਮੁੰਦਰ ਵਿਚ ਹੋਰ ਮਛੇਰਿਆਂ ਨਾਲ ਮੱਛੀਆਂ ਫੜ ਰਿਹਾ ਸੀ ਤਾਂ ਉਨ੍ਹਾਂ ਸਾਰਿਆਂ ਨੂੰ ਪਾਕਿਸਤਾਨੀ ਮਰੀਨਾਂ ਨੇ ਫੜ ਲਿਆ ਸੀ।

ਪਾਕਿਸਤਾਨੀ ਅਧਿਕਾਰੀਆਂ ਨੇ ਜੋ ਅੰਤਰਿਮ ਪੋਸਟਮਾਰਟਮ ਰਿਪੋਰਟ ਸੌਂਪੀ ਹੈ, ਉਸ ਮੁਤਾਬਕ ਸੋਸਾ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ। ਭਾਰਤੀ ਮਛੇਰਿਆਂ ਦੀ ਭਲਾਈ ਲਈ ਕੰਮ ਕਰ ਰਹੇ ਸਮਾਜਿਕ ਵਰਕਰ ਜਤਿਨ ਦੇਸਾਈ ਨੇ ਕਿਹਾ ਕਿ ਸੋਸਾ ਦੀ ਸਜ਼ਾ ਜੁਲਾਈ, 2021 ਵਿਚ ਪੂਰੇ ਹੋ ਗਈ ਸੀ ਪਰ ਉਸ ਤੋਂ ਬਾਅਦ ਵੀ ਉਸ ਨੂੰ ਰਿਹਾਅ ਨਹੀਂ ਕੀਤਾ ਗਿਆ ਜਦਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ 2008 ਦੇ ਸਮਝੌਤੇ ਵਿਚ ਵਿਵਸਥਾ ਹੈ ਕਿ ਅਜਿਹੇ ਦੋਸ਼ੀਆਂ ਨੂੰ ਸਜ਼ਾ ਪੂਰੀ ਹੋ ਜਾਣ ਦੇ ਇਕ ਮਹੀਨੇ ਦੇ ਅੰਦਰ ਉਨ੍ਹਾਂ ਦੀ ਕੌਮੀਅਤ ਦੀ ਪੁਸ਼ਟੀ ਹੋ ਜਾਣ 'ਤੇ ਉਨ੍ਹਾਂ ਦੇ ਦੇਸ਼ ਭੇਜ ਦਿੱਤਾ ਜਾਣਾ ਚਾਹੀਦਾ ਹੈ। ਦੇਸਾਈ ਨੇ ਕਿਹਾ ਕਿ 2023 ਵਿਚ ਪਾਕਿਸਤਾਨੀ ਹਿਰਾਸਤ ਵਿਚ 5 ਭਾਰਤੀ ਮਛੇਰਿਆਂ ਦੀ ਮੌਤ ਹੋ ਗਈ, ਜਦਕਿ ਇਸ ਸਾਲ ਤਿੰਨ ਦੀ ਜਾਨ ਚੱਲੀ ਗਈ। ਉਨ੍ਹਾਂ ਮੁਤਾਬਕ ਪਿਛਲੇ ਦਹਾਕੇ ਵਿਚ 26 ਮਛੇਰੇ ਪਾਕਿਸਤਾਨੀ ਜੇਲ੍ਹਾਂ ਵਿਚ ਆਪਣੀ ਜਾਨ ਗੁਆ ਚੁੱਕੇ ਹਨ।


author

Tanu

Content Editor

Related News