ਵਿਆਹੁਤਾ ਔਰਤ ਤੇ ਮਰਦ ਦੀਆਂ ਲਾਸ਼ਾਂ ਦਰੱਖਤ ਨਾਲ ਲਟਕਦੀਆਂ ਮਿਲੀਆਂ

Saturday, Sep 07, 2024 - 09:26 PM (IST)

ਵਿਆਹੁਤਾ ਔਰਤ ਤੇ ਮਰਦ ਦੀਆਂ ਲਾਸ਼ਾਂ ਦਰੱਖਤ ਨਾਲ ਲਟਕਦੀਆਂ ਮਿਲੀਆਂ

ਸੀਤਾਪੁਰ- ਜ਼ਿਲੇ ਦੇ ਰੇਉਸਾ ਥਾਣਾ ਖੇਤਰ ਦੇ ਬਿਜੇਹਰਾ ਪਿੰਡ ਵਿਚ ਸ਼ੁੱਕਰਵਾਰ ਸਵੇਰੇ ਵੱਖ-ਵੱਖ ਧਰਮਾਂ ਨਾਲ ਸਬੰਧਤ ਇਕ ਮਰਦ ਅਤੇ ਔਰਤ ਦੀਆਂ ਲਾਸ਼ਾਂ ਇਕ ਦਰੱਖਤ ਨਾਲ ਲਟਕਦੀਆਂ ਮਿਲੀਆਂ। ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਬਿਜੇਹਰਾ ਪਿੰਡ ਨਿਵਾਸੀ ਸਲੀਮੂਨ (45) ਅਤੇ ਨਕਛੇਦ (50) ਵਜੋਂ ਹੋਈ ਹੈ। ਦੋਵਾਂ ਦੀਆਂ ਲਾਸ਼ਾਂ ਪਿੰਡ ਬਿਜੇਹਰਾ ਦੇ ਬਾਹਰਵਾਰ ਨਕਛੇਦ ਦੇ ਖੇਤਾਂ ’ਚ ਦਰੱਖਤ ਨਾਲ ਲਟਕਦੀਆਂ ਮਿਲੀਆਂ। ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਖੁਦਕੁਸ਼ੀ ਦਾ ਕਾਰਨ ਪ੍ਰੇਮ ਸਬੰਧ ਹਨ।

ਪੁਲਸ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਵੇਂ ਵਿਆਹੇ ਹੋਏ ਸਨ। ਪਿੰਡ ਵਾਸੀਆਂ ਨੇ ਦੱਸਿਆ ਕਿ ਨਕਛੇਦ ਦੀ ਪਤਨੀ ਦੀ 15 ਸਾਲ ਪਹਿਲਾਂ ਮੌਤ ਹੋ ਗਈ ਸੀ, ਉਸ ਦੀਆਂ 2 ਕੁੜੀਆਂ ਸਨ, ਜੋ ਵਿਆਹੀਆਂ ਹੋਈਆਂ ਹਨ। ਦੂਜੇ ਪਾਸੇ, ਸਲੀਮੂਨ ਦਾ ਵਿਆਹ ਮੁਸ਼ਤਾਕ ਨਾਲ ਹੋਇਆ ਸੀ ਅਤੇ ਉਸ ਦੇ 2 ਪੁੱਤਰ ਅਤੇ ਇਕ ਧੀ ਹੈ। ਪਿੰਡ ਵਾਸੀਆਂ ਮੁਤਾਬਕ ਦੋਵਾਂ ’ਚ 12 ਸਾਲ ਪਹਿਲਾਂ ਪਿਆਰ ਹੋਇਆ ਸੀ। ਜਦੋਂ ਪਿਆਰ ਪਰਵਾਨ ਚੜ੍ਹਿਆ ਤਾਂ ਪਰਿਵਾਰ ਨਾਰਾਜ਼ ਹੋ ਗਿਆ।

ਪਿੰਡ ਵਾਸੀਆਂ ਮੁਤਾਬਕ 3 ਦਿਨ ਪਹਿਲਾਂ ਮੁਸ਼ਤਾਕ ਦਾ ਨਕਛੇਦ ਨਾਲ ਝਗੜਾ ਹੋਇਆ ਸੀ, ਜਿਸ ਕਾਰਨ ਸਲੀਮੂਨ ਨੇ ਥਾਣੇ ਵਿਚ ਮੁਸ਼ਤਾਕ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਇਸ ਤੋਂ ਬਾਅਦ ਪੁਲਸ ਪਿੰਡ ਵਿਚ ਆਈ। ਇਸ ਮਾਮਲੇ ਨੂੰ ਲੈ ਕੇ ਪੰਚਾਇਤ ਵੀ ਬੈਠੀ, ਜਿਸ ਤੋਂ ਬਾਅਦ ਸਲੀਮੂਨ ਅਤੇ ਮੁਸ਼ਤਾਕ ਪਿੰਡ ਛੱਡ ਕੇ ਚਲੇ ਗਏ।

ਪੁਲਸ ਨੇ ਦੱਸਿਆ ਕਿ ਨਕਛੇਦ ਦੇ ਜਵਾਈ ਰੇਉਸਾ ਥਾਣਾ ਖੇਤਰ ਦੇ ਬਸੰਤਪੁਰ ਨਿਵਾਸੀ ਰਾਮੂ ਮੁਤਾਬਕ ਰਾਤ ਲੱਗਭਗ 8 ਵਜੇ ਨਕਛੇਦ ਨੇ ਉਸ ਨੂੰ ਫੋਨ ਕਰ ਕੇ ਦੱਸਿਆ ਕਿ 10-12 ਲੋਕਾਂ ਨੇ ਉਸ ਨੂੰ ਘੇਰਿਆ ਹੋਇਆ ਹੈ ਪਰ ਰਾਤ ਹੋਣ ਕਾਰਨ ਉਹ ਕੁਝ ਨਹੀਂ ਕਰ ਸਕਿਆ ਅਤੇ ਸਵੇਰੇ ਲਾਸ਼ਾਂ ਬਰਾਮਦ ਹੋਈਆਂ।


author

Rakesh

Content Editor

Related News