ਅੰਡੇਮਾਨ ਸਾਗਰ 'ਚ ਵੱਡਾ ਹਾਦਸਾ: ਰੋਹਿੰਗਿਆ ਸ਼ਰਨਾਰਥੀਆਂ ਨਾਲ ਭਰੀ ਕਿਸ਼ਤੀ ਡੁੱਬੀ, 250 ਤੋਂ ਵੱਧ ਲੋਕ ਲਾਪਤਾ
Wednesday, Apr 15, 2026 - 01:17 AM (IST)
ਪੋਰਟ ਬਲੇਅਰ : ਅੰਡੇਮਾਨ ਸਾਗਰ ਵਿੱਚ ਇੱਕ ਭਿਆਨਕ ਦਰਦਨਾਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਰੋਹਿੰਗਿਆ ਸ਼ਰਨਾਰਥੀਆਂ ਅਤੇ ਬੰਗਲਾਦੇਸ਼ੀ ਨਾਗਰਿਕਾਂ ਨਾਲ ਭਰੀ ਇੱਕ ਕਿਸ਼ਤੀ ਸਮੁੰਦਰ ਵਿੱਚ ਡੁੱਬ ਗਈ। ਇਸ ਹਾਦਸੇ ਵਿੱਚ 250 ਤੋਂ ਵੱਧ ਲੋਕਾਂ ਦੇ ਲਾਪਤਾ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।
ਮੁੱਢਲੀ ਜਾਣਕਾਰੀ ਅਨੁਸਾਰ ਇਹ ਕਿਸ਼ਤੀ ਬੰਗਲਾਦੇਸ਼ ਅਤੇ ਮਿਆਂਮਾਰ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਮਲੇਸ਼ੀਆ ਜਾ ਰਹੀ ਸੀ। ਇਸ ਕਿਸ਼ਤੀ ਵਿੱਚ ਲਗਭਗ 250 ਤੋਂ 280 ਲੋਕ ਸਵਾਰ ਸਨ। ਸਮੁੰਦਰ ਵਿੱਚ ਕਈ ਦਿਨ ਬਿਤਾਉਣ ਤੋਂ ਬਾਅਦ ਖਰਾਬ ਮੌਸਮ ਅਤੇ ਤੇਜ਼ ਲਹਿਰਾਂ ਕਾਰਨ ਕਿਸ਼ਤੀ ਪਲਟ ਗਈ। ਇਸ ਘਟਨਾ ਦਾ ਪਤਾ ਉਦੋਂ ਲੱਗਿਆ ਜਦੋਂ ਆਸ-ਪਾਸ ਗਸ਼ਤ ਕਰ ਰਹੇ ਜਹਾਜ਼ਾਂ ਨੇ ਸਮੁੰਦਰ ਵਿੱਚੋਂ 9 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ।
ਹਾਦਸੇ ਵਿੱਚ ਬਚੇ ਇੱਕ ਰੋਹਿੰਗਿਆ ਸ਼ਰਨਾਰਥੀ ਰਫੀਕੁਲ ਇਸਲਾਮ ਨੇ ਮਨੁੱਖੀ ਤਸਕਰੀ ਦੀਆਂ ਰੌਂਗਟੇ ਖੜ੍ਹੇ ਕਰਨ ਵਾਲੀਆਂ ਕਹਾਣੀਆਂ ਸੁਣਾਈਆਂ ਹਨ। ਉਸ ਨੇ ਦੱਸਿਆ ਕਿ ਉਸ ਨੂੰ ਨੌਕਰੀ ਦਾ ਝਾਂਸਾ ਦੇ ਕੇ ਫਸਾਇਆ ਗਿਆ ਸੀ ਅਤੇ ਕਈ ਦਿਨਾਂ ਤੱਕ ਅਣਮਨੁੱਖੀ ਹਾਲਤਾਂ ਵਿੱਚ ਕੈਦ ਰੱਖਿਆ ਗਿਆ। ਕਿਸ਼ਤੀ ਵਿੱਚ 150 ਰੋਹਿੰਗਿਆ ਅਤੇ ਬਾਕੀ ਬੰਗਲਾਦੇਸ਼ੀ ਨਾਗਰਿਕ ਸਨ, ਜਿਨ੍ਹਾਂ ਵਿੱਚ 21 ਔਰਤਾਂ ਅਤੇ 4 ਬੱਚੇ ਵੀ ਸ਼ਾਮਲ ਸਨ।
ਰਫੀਕੁਲ ਅਨੁਸਾਰ, ਤਸਕਰਾਂ ਨੇ ਜ਼ਬਰਦਸਤੀ ਲੋਕਾਂ ਨੂੰ ਕਿਸ਼ਤੀ ਦੇ ਤੰਗ ਸਟੋਰੇਜ ਕੰਪਾਰਟਮੈਂਟਾਂ ਵਿੱਚ ਤੁੰਨ ਦਿੱਤਾ ਸੀ। ਦਮ ਘੁੱਟਣ ਅਤੇ ਭੀੜ ਕਾਰਨ 25 ਤੋਂ 30 ਲੋਕਾਂ ਦੀ ਮੌਤ ਕਿਸ਼ਤੀ ਡੁੱਬਣ ਤੋਂ ਪਹਿਲਾਂ ਹੀ ਹੋ ਚੁੱਕੀ ਸੀ। ਜਦੋਂ ਕਿਸ਼ਤੀ ਪਲਟੀ ਤਾਂ ਰਫੀਕੁਲ ਇੱਕ ਪਾਣੀ ਵਾਲੀ ਬੋਤਲ ਦੇ ਸਹਾਰੇ ਆਪਣੀ ਜਾਨ ਬਚਾਉਣ ਵਿੱਚ ਕਾਮਯਾਬ ਰਿਹਾ, ਪਰ ਬਾਕੀ ਸੈਂਕੜੇ ਲੋਕਾਂ ਦਾ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਹੈ।
ਬੰਗਲਾਦੇਸ਼ ਕੋਸਟ ਗਾਰਡ ਦੇ ਜਹਾਜ਼ 'ਮਨਸੂਰ ਅਲੀ' ਵੱਲੋਂ ਬਚਾਏ ਗਏ ਲੋਕਾਂ ਨੂੰ ਸੰਭਾਲਿਆ ਗਿਆ ਹੈ। ਲਾਪਤਾ ਲੋਕਾਂ ਦੀ ਭਾਲ ਲਈ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ, ਪਰ ਸਮੁੰਦਰ ਦੀਆਂ ਸਥਿਤੀਆਂ ਕਾਰਨ ਬਚਣ ਦੀ ਉਮੀਦ ਬਹੁਤ ਘੱਟ ਦਿਖਾਈ ਦੇ ਰਹੀ ਹੈ।
