ਬਲੱਡ ਪ੍ਰੈਸ਼ਰ ਦੀਆਂ ਫਰਜ਼ੀ ਦਵਾਈਆਂ ਦੀ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 2 ਗ੍ਰਿਫ਼ਤਾਰ
Monday, Jul 20, 2026 - 04:05 PM (IST)
ਗੁਰੂਗ੍ਰਾਮ- ਹਰਿਆਣਾ ਫੂਡ ਐਂਡ ਡਰੱਗ ਪ੍ਰਸ਼ਾਸਨ (ਐੱਫ.ਡੀ.ਏ.) ਨੇ ਗੁਰੂਗ੍ਰਾਮ ਅਤੇ ਦਿੱਲੀ ਪੁਲਸ ਨਾਲ ਸੰਯੁਕਤ ਕਾਰਵਾਈ 'ਚ ਨਕਲੀ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਸਪਲਾਈ ਕਰਨ ਵਾਲੇ ਇਕ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ। ਇਕ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਰਾਸ਼ਟਰੀ ਰਾਜਧਾਨੀ ਅਤੇ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਤੋਂ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਐੱਫ.ਡੀ.ਏ. ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਦੋਸ਼ੀ ਹਾਈ ਬਲੱਡ ਪ੍ਰੈਸ਼ਰ ਦੇ ਇਲਾਜ ਲਈ ਵਰਤੀ ਜਾਣ ਵਾਲੀ ਨਕਲੀ ਦਵਾਈ, 'ਟੈਲਮੀਸਾਰਟਨ ਏਐੱਮ' ਦੀ ਖੇਪ ਹਰਿਆਣਾ ਅਤੇ ਦਿੱਲੀ ਦੇ ਬਾਜ਼ਾਰਾਂ 'ਚ ਸਪਲਾਈ ਕਰ ਰਹੇ ਸਨ। ਇਹ ਦਵਾਈ ਹਾਈ ਬਲੱਡ ਪ੍ਰੈਸ਼ਰ ਦੇ ਇਲਾਜ 'ਚ ਇਸਤੇਮਾਲ ਕੀਤੀ ਜਾਂਦੀ ਹੈ।
ਪੁਲਸ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਦਿੱਲੀ ਦੇ ਰਹਿਣ ਵਾਲੇ ਸੁਬਰਤ ਦਿਵੇਦੀ ਅਤੇ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਦੇ ਰਹਿਣ ਵਾਲੇ ਜ਼ੁਬੈਰ ਵਜੋਂ ਹੋਈ ਹੈ। ਜ਼ਿਲ੍ਹਾ ਡਰੱਗ ਕੰਟਰੋਲਰ ਅਮਨਦੀਪ ਚੌਹਾਨ ਨੇ ਕਿਹਾ, "ਹੁਣ ਤੱਕ, ਅਸੀਂ ਨਕਲੀ ਟੈਲਮਾ-ਏਐਮ ਦੀਆਂ 178 ਗੋਲੀਆਂ ਬਰਾਮਦ ਕੀਤੀਆਂ ਹਨ। ਜਾਂਚ ਤੋਂ ਪਤਾ ਲੱਗਾ ਹੈ ਕਿ 350 ਰੁਪਏ ਦੀ ਐੱਮਆਰਪੀ ਵਾਲੇ ਕੁੱਲ 1,700 ਪੱਤੇ ਖਰੀਦੇ ਗਏ ਸਨ। ਮਾਮਲੇ ਦੀ ਜਾਂਚ ਜਾਰੀ ਹੈ।"
ਐੱਫਡੀਏ ਨੂੰ ਸੂਚਨਾ ਮਿਲੀ ਸੀ ਕਿ ਗੁਰੂਗ੍ਰਾਮ 'ਚ 'ਸ਼੍ਰੀ ਬਾਲਾਜੀ ਫੋਰਮ' ਨਾਂ ਤੋਂ ਚੱਲ ਰਹੀ ਇਕ ਥੋਕ ਦਵਾਈ ਏਜੰਸੀ ਰਾਹੀਂ ਨਕਲੀ ਦਵਾਈਆਂ ਦੀ ਸਪਲਾਈ ਕੀਤੀ ਜਾ ਰਹੀ ਹੈ। ਸੰਬੰਧਤ ਏਜੰਸੀ ਕੋਲ ਦਵਾਈਆਂ ਦਾ ਕਾਰੋਬਾਰ ਕਰਨ ਲਈ ਜ਼ਰੂਰੀ ਜਾਇਜ਼ ਲਾਇਸੈਂਸ ਨਹੀਂ ਸੀ। ਐੱਫਡੀਏ ਅਧਿਕਾਰੀਆਂ ਅਨੁਸਾਰ, ਨਕਲੀ ਦਵਾਈਆਂ ਦੀ ਵਿਕਰੀ ਦੀ ਸੂਚਨਾ ਮਿਲਣ ਤੋਂ ਬਾਅਦ ਸੀਨੀਅਰ ਅਧਿਕਾਰੀਆਂ ਦੇ ਨਿਰਦੇਸ਼ 'ਤੇ ਤਿੰਨ ਅਧਿਕਾਰੀਆਂ ਦੀ ਸੰਯੁਕਤ ਟੀਮ ਗਠਿਤ ਕੀਤੀ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਦੌਰਾਨ ਟੀਮ ਦੋਸ਼ੀਆਂ ਤੱਕ ਪਹੁੰਚੀ ਅਤੇ ਦਿੱਲੀ ਤੇ ਮੁਰਾਦਾਬਾਦ ਤੋਂ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਅਧਿਕਾਰੀਆਂ ਅਨੁਸਾਰ, ਸ਼ੁਰੂਆਤੀ ਪੁੱਛ-ਗਿੱਛ 'ਚ ਦੋਸ਼ੀਆਂ ਨੇ ਦੱਸਿਆ ਕਿ ਨਕਲੀ ਦਵਾਈਆਂ ਦਾ ਨਿਰਮਾਣ ਉਤਰਾਖੰਡ ਦੇ ਰੁੜਕੀ 'ਚ ਕੀਤਾ ਜਾਂਦਾ ਸੀ ਅਤੇ ਇਸ ਤੋਂ ਬਾਅਦ ਇਨ੍ਹਾਂ ਨੂੰ ਲਖਨਊ ਦੇ ਰਸਤੇ ਹਰਿਆਣਾ, ਦਿੱਲੀ ਅਤੇ ਹੋਰ ਇਲਾਕਿਆਂ 'ਚ ਪਹੁੰਚਾਇਆ ਜਾਂਦਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਹੁਣ ਇਸ ਨੈੱਟਵਰਕ ਨਾਲ ਜੁੜੇ ਹੋਰ ਲੋਕਾਂ ਅਤੇ ਉਸ ਫੈਕਟਰੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿੱਥੇ ਇਨ੍ਹਾਂ ਨਕਲੀ ਦਵਾਈਆਂ ਦਾ ਨਿਰਮਾਣ ਕੀਤਾ ਜਾਂਦਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
