ਬੇਰੁਜ਼ਗਾਰੀ ਖ਼ਿਲਾਫ਼ ਆਵਾਜ਼ ਚੁੱਕਣ ਲਈ ਨੇਤਰਹੀਣ ਵਿਦਿਆਰਥੀ ''ਭਾਰਤ ਜੋੜੋ ਯਾਤਰਾ'' ''ਚ ਹੋਏ ਸ਼ਾਮਲ

Saturday, Dec 24, 2022 - 03:48 PM (IST)

ਬੇਰੁਜ਼ਗਾਰੀ ਖ਼ਿਲਾਫ਼ ਆਵਾਜ਼ ਚੁੱਕਣ ਲਈ ਨੇਤਰਹੀਣ ਵਿਦਿਆਰਥੀ ''ਭਾਰਤ ਜੋੜੋ ਯਾਤਰਾ'' ''ਚ ਹੋਏ ਸ਼ਾਮਲ

ਨਵੀਂ ਦਿੱਲੀ (ਭਾਸ਼ਾ)- ਦੱਖਣੀ ਦਿੱਲੀ ਦੇ ਨੇਤਰਹੀਣ ਵਿਦਿਆਰਥੀਆਂ ਦੇ ਇਕ ਸਮੂਹ ਨੇ ਸ਼ਨੀਵਾਰ ਨੂੰ ਦਿੱਲੀ 'ਚ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਅਗਵਾਈ 'ਚ ‘ਭਾਰਤ ਜੋੜੋ ਯਾਤਰਾ’ ਦੇ ਇਕ ਮਾਰਗ 'ਤੇ ਕੈਂਪ ਲਗਾਇਆ। 15-20 ਨੇਤਰਹੀਣ ਵਿਦਿਆਰਥੀ ਬੈਨਰ ਲੈ ਕੇ ਅਪੋਲੋ ਹਸਪਤਾਲ ਦੇ ਰਸਤੇ 'ਤੇ ਇਕੱਠੇ ਹੋਏ, ਜੋ 'ਨਫ਼ਰਤ ਛੱਡੋ, ਭਾਰਤ ਜੋੜੋ' ਦੇ ਨਾਅਰੇ ਲਗਾ ਰਹੇ ਸਨ। ਵਿਦਿਆਰਥੀ ਸਰਾਂਸ਼ ਨੇ ਕਿਹਾ ਕਿ ਉਨ੍ਹਾਂ ਨੇ ਦੇਸ਼ 'ਚ 'ਵਧ ਰਹੀ ਬੇਰੁਜ਼ਗਾਰੀ ਦੇ ਵਿਰੋਧ 'ਚ' ਯਾਤਰਾ 'ਚ ਹਿੱਸਾ ਲਿਆ। ਸਰਾਂਸ਼ ਨੇ ਕਿਹਾ ਕਿ ਅਜਿਹੇ ਬਹੁਤ ਸਾਰੇ ਨੇਤਰਹੀਣ ਵਿਦਿਆਰਥੀ ਹਨ, ਜਿਨ੍ਹਾਂ ਨੇ ਪੜ੍ਹਾਈ 'ਚ ਵਧੀਆ ਪ੍ਰਦਰਸ਼ਨ ਕੀਤਾ ਹੈ ਪਰ ਸਾਲਾਂ ਤੋਂ ਬੇਰੁਜ਼ਗਾਰ ਹਨ। ਸਰਾਂਸ਼ (14) ਨੇ ਪੁੱਛਿਆ,“ਦੇਸ਼ 'ਚ ਨੌਕਰੀਆਂ ਦੀ ਘਾਟ ਕਾਰਨ ਪੜ੍ਹੇ-ਲਿਖੇ ਲੋਕ ਬੇਰੁਜ਼ਗਾਰ ਘੁੰਮ ਰਹੇ ਹਨ। ਜੇਕਰ ਸਾਡੇ ਲਈ ਨੌਕਰੀਆਂ ਨਹੀਂ ਹਨ ਤਾਂ ਸਿੱਖਿਆ ਪ੍ਰਾਪਤ ਕਰਨ ਦਾ ਕੀ ਮਤਲਬ ਹੈ? ਬਹੁਤ ਸਾਰੇ ਨੇਤਰਹੀਣ ਵਿਦਿਆਰਥੀ ਹਨ ਜੋ ਆਪਣੀ ਪੜ੍ਹਾਈ 'ਚ ਵਧੀਆ ਪ੍ਰਦਰਸ਼ਨ ਕਰ ਰਹੇ ਹਨ, ਪਰ ਇਸ ਦਾ ਕੀ ਫਾਇਦਾ ਹੈ?"

ਨੇਤਰਹੀਣ ਵਿਦਿਆਰਥੀ ਗੁਲਸ਼ਨ ਕੁਮਾਰ (12) ਨੇ ਕਿਹਾ ਕਿ ਉਨ੍ਹਾਂ ਨੇ 'ਭਾਈਚਾਰਿਆਂ ਵਿਚਕਾਰ ਨਫ਼ਰਤ ਨੂੰ ਖ਼ਤਮ ਕਰਨ' ਅਤੇ 'ਮਹਿੰਗਾਈ ਵਿਰੁੱਧ ਆਪਣੀ ਆਵਾਜ਼ ਉਠਾਉਣ' ਦੇ ਉਦੇਸ਼ ਨਾਲ ਯਾਤਰਾ 'ਚ ਹਿੱਸਾ ਲਿਆ। ਗੁਲਸ਼ਨ ਨੇ ਕਿਹਾ,''ਮਹਿੰਗਾਈ ਨੇ ਮੇਰੇ ਪਰਿਵਾਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਮੈਂ ਇਕ ਨਿਮਨ-ਮੱਧਵਰਗੀ ਪਰਿਵਾਰ ਨਾਲ ਸਬੰਧ ਰੱਖਦਾ ਹਾਂ ਅਤੇ ਮੇਰੇ ਪਿਤਾ ਇਕ ਕਿਸਾਨ ਹਨ। ਮੇਰੀਆਂ ਚਾਰ ਭੈਣਾਂ ਹਨ ਅਤੇ ਉਨ੍ਹਾਂ 'ਚੋਂ ਇਕ ਨੇਤਰਹੀਣ ਹੈ। ਸਾਡੇ ਪਿਤਾ ਤੋਂ ਇਲਾਵਾ ਪਰਿਵਾਰ 'ਚ ਕੋਈ ਕਮਾਉਣ ਵਾਲਾ ਨਹੀਂ ਹੈ। ਮੇਰੀਆਂ ਦੋ ਭੈਣਾਂ ਕੋਲ ਡਿਗਰੀਆਂ ਹਨ ਪਰ ਨੌਕਰੀਆਂ ਦੀ ਘਾਟ ਕਾਰਨ ਉਹ ਬੇਰੁਜ਼ਗਾਰ ਹਨ।” ਇਕ ਹੋਰ ਵਿਦਿਆਰਥੀ ਬ੍ਰਿਜੇਸ਼ ਕੁਮਾਰ ਨੇ ਕਿਹਾ ਕਿ ਉਹ ਦੇਸ਼ 'ਚ 'ਮਹਿੰਗਾਈ ਅਤੇ ਬੇਰੁਜ਼ਗਾਰੀ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨ' ਲਈ ਯਾਤਰਾ 'ਚ ਸ਼ਾਮਲ ਹੋਏ। ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਸ਼ਨੀਵਾਰ ਤੜਕੇ ਦਿੱਲੀ 'ਚ ਦਾਖ਼ਲ ਹੋਣ ਦੇ ਨਾਲ ਹੀ ਹਜ਼ਾਰਾਂ ਸਮਰਥਕਾਂ ਨੇ ਰਾਹੁਲ ਗਾਂਧੀ ਦੇ ਨਾਲ ਬਦਰਪੁਰ ਤੋਂ ਆਸ਼ਰਮ ਤੱਕ ਮਾਰਚ ਕੀਤਾ ਅਤੇ ਸਾਰਾ ਰਸਤਾ ਰਾਹੁਲ ਦੀ ਤਸਵੀਰ ਵਾਲੇ ਤਿਰੰਗਿਆਂ, ਗੁਬਾਰਿਆਂ ਅਤੇ ਬੈਨਰਾਂ ਨਾਲ ਢੱਕਿਆ ਹੋਇਆ ਸੀ।


author

DIsha

Content Editor

Related News