ਆਈ. ਐੱਸ. ਆਈ. ਨਾਲ ਸਬੰਧ ਰੱਖਣ ਅਤੇ ਮਹਿਲਾ ਕਰਨਲ ਨੂੰ ਬਲੈਕਮੇਲ ਕਰਨ ਵਾਲਾ ਕਾਬੂ

Thursday, Sep 21, 2017 - 08:27 AM (IST)

ਆਈ. ਐੱਸ. ਆਈ. ਨਾਲ ਸਬੰਧ ਰੱਖਣ ਅਤੇ ਮਹਿਲਾ ਕਰਨਲ ਨੂੰ ਬਲੈਕਮੇਲ ਕਰਨ ਵਾਲਾ ਕਾਬੂ

ਨਵੀਂ ਦਿੱਲੀ - ਪਾਕਿਸਤਾਨੀ ਜਾਸੂਸੀ ਏਜੰਸੀ ਆਈ. ਐੱਸ. ਆਈ. ਨਾਲ ਸਬੰਧ ਰੱਖਣ ਵਾਲੇ ਇਕ ਸ਼ੱਕੀ ਵਿਅਕਤੀ ਨੂੰ ਇੰਟਰਨੈੱਟ 'ਤੇ ਇਕ ਮਹਿਲਾ ਕਰਨਲ ਦੀ ਤਸਵੀਰ ਨਾਲ ਛੇੜਛਾੜ ਕਰ ਕੇ ਬਣਾਈਆਂ ਗਈਆਂ ਇਤਰਾਜ਼ਯੋਗ ਤਸਵੀਰਾਂ ਕਥਿਤ ਤੌਰ 'ਤੇ ਇੰਟਰਨੈੱਟ ਉੱਤੇ ਅਪਲੋਡ ਕਰਨ ਦੀ ਧਮਕੀ ਦੇਣ ਦੇ ਦੋਸ਼ 'ਚ ਗ੍ਰਿਫਤਾਰ ਕਰ ਲਿਆ ਗਿਆ ਹੈ। 
ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਸਥਾਨਕ ਪੁਲਸ ਨੇ ਲਗਭਗ 30 ਸਾਲਾ ਮੁਲਜ਼ਮ ਮੁਹੰਮਦ ਪ੍ਰਵੇਜ਼ ਨੂੰ 13 ਸਤੰਬਰ ਨੂੰ ਗ੍ਰਿਫਤਾਰ ਕੀਤਾ ਸੀ ਪਰ ਇਹ ਪਤਾ ਲੱਗਣ 'ਤੇ ਕਿ ਉਹ ਕਈ ਵਾਰ ਪਾਕਿਸਤਾਨ ਜਾ ਚੁੱਕਾ ਹੈ, ਇਸ ਲਈ ਵਿਸ਼ੇਸ਼ ਸੈੱਲ ਨੂੰ ਸੌਂਪ ਦਿੱਤਾ ਗਿਆ ਹੈ। ਉਸ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਕ ਮਹਿਲਾ ਕਰਨਲ ਨੇ ਦੁਆਰਕਾ 'ਚ ਪੁਲਸ ਕੋਲ ਦਰਜ ਕਰਵਾਈ ਗਈ ਸ਼ਿਕਾਇਤ 'ਚ ਦੋਸ਼ ਲਾਇਆ ਹੈ ਕਿ 2 ਵੱਖ-ਵੱਖ ਨੰਬਰਾਂ ਨਾਲ ਵਟਸਐਪ ਰਾਹੀਂ ਉਸ ਨਾਲ ਛੇੜਛਾੜ ਕਰ ਕੇ ਬਣਾਈਆਂ ਇਤਰਾਜ਼ਯੋਗ ਤਸਵੀਰਾਂ ਭੇਜੀਆਂ ਜਾ ਰਹੀਆਂ ਹਨ। ਪੁਲਸ ਨੇ ਦੱਸਿਆ ਕਿ ਮਹਿਲਾ ਫੌਜੀ ਅਧਿਕਾਰੀ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੇ ਸੰਦੇਸ਼ ਭੇਜਣ ਵਾਲੇ ਨਾਲ ਗੱਲ ਨਾ ਕੀਤੀ ਤਾਂ ਇਨ੍ਹਾਂ ਤਸਵੀਰਾਂ ਨੂੰ ਇੰਟਰਨੈੱਟ 'ਤੇ ਪਾ ਦਿੱਤਾ ਜਾਵੇਗਾ।


Related News