ਕੋਰੋਨਾ ਦਰਮਿਆਨ ਹਰਿਆਣਾ ’ਚ ਵਧਿਆ ਬਲੈਕ ਫੰਗਸ ਦਾ ਖ਼ਤਰਾ, CM ਖੱਟੜ ਨੇ ਦਿੱਤੇ ਇਹ ਨਿਰਦੇਸ਼
Monday, May 17, 2021 - 06:13 PM (IST)
ਹਰਿਆਣਾ– ਕੋਰੋਨਾ ਦੇ ਕਹਿਰ ਨਾਲ ਜੂਝ ਰਹੇ ਹਰਿਆਣਾ ’ਚ ਮਿਊਕੋਰਮਾਈਕੋਸਿਸ (ਬਲੈਕ ਫੰਗਸ) ਦੀ ਦਸਤਕ ਦੇ ਸੂਬਾ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਬਲੈਕ ਫੰਗਸ ਨੂੰ ਲੈ ਕੇ ਸਰਕਾਰ ਨੇ ਹਸਪਤਾਲਾਂ ਨੂੰ ਸਾਵਧਾਨੀ ਵਰਤਨ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਮਨੋਹਰ ਲਾਲ ਖੱਟੜ ਮੁਤਾਬਕ, ਸੂਬੇ ’ਚ ਬਲੈਕ ਫੰਗਸ ਦੀ ਦਵਾਈ ਦੀ ਕਮੀ ਹੈ ਪਰ 4 ਮੈਡੀਕਲ ਕਾਲਜਾਂ ਦੇ ਮਾਹਿਰ ਮਿਊਕੋਰਮਾਈਕੋਸਿਸ ’ਤੇ ਰਿਸਰਚ ਕਰ ਰਹੇ ਹਨ। ਸਰਕਾਰ ਅਤੇ ਸਿਹਤ ਵਿਭਾਗ ਇਸ ’ਤੇ ਮਿਲ ਕੇ ਕੰਮ ਕਰ ਰਹੇ ਹਨ।
ਕੋਰੋਨਾ ਦੀ ਦੂਜੀ ਲਹਿਰ ਪਹਿਲੀ ਲਹਿਰ ਨਾਲੋਂ ਜ਼ਿਆਦਾ ਖ਼ਤਰਨਾਕ ਸਾਬਿਤ ਹੋਈ ਹੈ। ਹੁਣ ਤੀਜੀ ਲਹਿਰ ਬਾਰੇ ਵੀ ਗੱਲ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਖੱਟੜ ਨੇ ਐਤਵਾਰ ਨੂੰ ਕਿਹਾ ਕਿ ਅਸੀਂ ਦੁਆ ਕਰਦੇ ਹਾਂ ਕਿ ਕੋਰੋਨਾ ਦੀ ਤੀਜੀ ਲਹਿਰ ਨਾ ਆਓ ਤਾਂ ਬਿਹਤਰ ਹੈ। ਜੇਕਰ ਤੀਜੀ ਲਹਿਰ ਆਈ ਤਾਂ ਸੂਬਾ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਤਿਆਰ ਹੈ। ਖੱਟੜ ਨੇ ਕਿਹਾ ਕਿ ਸਾਰੇ ਜ਼ਿਲ੍ਹਿਆਂ ’ਚ ਇਸ ਤਰ੍ਹਾਂ ਦੇ ਅਸਥਾਈ ਹਸਪਤਾਲ ਬਣਾਏ ਗਏ ਹਨ ਜਿਸ ਨਾਲ ਲੋਕਾਂ ਨੂੰ ਬਿਹਤਰ ਇਲਾਜ ਮਿਲ ਸਕੇ। ਸੂਬਾ ਸਰਕਾਰ ਮੁਤਾਬਕ, ਸਮਾਜਸੇਵੀ ਸੰਸਥਾਵਾਂ ਵੀ ਸੂਬੇ ਭਰ ’ਚ ਅਸਥਾਈ ਹਸਪਤਾਲ ਤਿਆਰ ਕਰਨ ’ਚ ਮਦਦ ਕਰ ਰਹੀਆਂ ਹਨ। ਇਥੇ ਮਰੀਜ਼ਾਂ ਲਈ ਆਕਸੀਜਨ ਦੀ ਵੀ ਵਿਵਸਥਾ ਹੈ। ਅਜਿਹੇ ਹਸਪਤਾਲਾਂ ’ਚ ਵੈਂਟੀਲੇਟਰਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ।