''ਹਰਿਆਣਾ ''ਚ ਸੱਤਾ ਪੱਖ ''ਚ ਲਹਿਰ, ਭਾਜਪਾ ਪੂਰਨ ਬਹੁਮਤ ਨਾਲ ਪਰਤੇਗੀ''

Thursday, Sep 19, 2024 - 04:23 PM (IST)

ਚੰਡੀਗੜ੍ਹ- ਭਾਜਪਾ ਪਾਰਟੀ ਦੀ ਸੀਨੀਅਰ ਨੇਤਾ ਕਿਰਨ ਚੌਧਰੀ ਨੇ ਕਿਹਾ ਹੈ ਕਿ ਹਰਿਆਣਾ 'ਚ ਸੱਤਾ ਸਮਰਥਕ ਲਹਿਰ ਹੈ ਅਤੇ ਵੋਟਰ ਮਹਿਸੂਸ ਕਰ ਰਹੇ ਹਨ ਕਿ ਸੱਤਾਧਾਰੀ ਪਾਰਟੀ ਨੇ ਪਿਛਲੇ 10 ਸਾਲਾਂ ਵਿਚ ਉਨ੍ਹਾਂ ਦੀ ਜ਼ਿੰਦਗੀ ਨੂੰ ਬਦਲ ਦਿੱਤਾ ਹੈ। ਕਿਰਨ ਕਾਂਗਰਸ ਤੋਂ ਤਿੰਨ ਦਹਾਕੇ ਤੱਕ ਜੁੜੇ ਰਹਿਣ ਮਗਰੋਂ ਇਸ ਸਾਲ ਜੂਨ ਵਿਚ ਭਾਜਪਾ ਪਾਰਟੀ ਵਿਚ ਸ਼ਾਮਲ ਹੋ ਗਈ ਸੀ। ਕਿਰਨ ਨੇ ਭਰੋਸਾ ਜਤਾਇਆ ਕਿ ਉਨ੍ਹਾਂ ਦੀ ਧੀ ਸ਼ਰੂਤੀ ਚੌਧਰੀ ਪਰਿਵਾਰਕ ਗੜ੍ਹ ਤੋਸ਼ਾਮ ਤੋਂ ਕਾਂਗਰਸ ਉਮੀਦਵਾਰ ਅਤੇ ਆਪਣੇ ਚਚੇਰੇ ਭਰਾ ਅਨਿਰੁੱਧ ਚੌਧਰੀ ਖਿਲਾਫ਼ ਚੋਣ ਜਿੱਤ ਜਾਵੇਗੀ। ਸ਼ਰੂਤੀ ਸਾਬਕਾ ਸੰਸਦ ਮੈਂਬਰ ਹੈ ਅਤੇ ਕਿਰਨ ਨਾਲ ਉਹ ਵੀ ਭਾਜਪਾ ਵਿਚ ਸ਼ਾਮਲ ਹੋਈ ਸੀ।

ਸੂਬੇ ਦੀਆਂ 90 ਮੈਂਬਰੀ ਵਿਧਾਨ ਸਭਾ ਲਈ 5 ਅਕਤੂਬਰ ਨੂੰ ਵੋਟਿੰਗ ਹੋਵੇਗੀ। ਕਿਰਨ ਚੌਧਰੀ ਸਾਬਕਾ ਮੁੱਖ ਮੰਤਰੀ ਬੰਸੀਲਾਲ ਦੀ ਨੂੰਹ ਅਤੇ ਸੂਬੇ ਦੇ ਮੰਤਰੀ ਮਰਹੂਮ ਸੁਰਿੰਦਰ ਸਿੰਘ ਦੀ ਪਤਨੀ ਹੈ। ਕਿਰਨ ਨੂੰ ਹਰਿਆਣਾ ਤੋਂ ਰਾਜ ਸਭਾ ਜ਼ਿਮਨੀ ਚੋਣਾਂ ਲਈ ਭਾਜਪਾ ਉਮੀਦਵਾਰ ਬਣਾਇਆ ਗਿਆ ਸੀ, ਜਿਸ ਵਿਚ ਉਹ ਬਿਨਾਂ ਕਿਸੇ ਵਿਰੋਧ ਦੇ ਜਿੱਤ ਗਈ। ਉੱਥੇ ਹੀ ਉਨ੍ਹਾਂ ਦੀ ਧੀ ਨੂੰ ਤੋਸ਼ਾਮ ਤੋਂ ਟਿਕਟ ਦਿੱਤੀ ਗਈ ਹੈ। 

ਕਿਰਨ ਨੇ ਦੱਸਿਆ ਕਿ ਭਾਜਪਾ ਪੂਰਨ ਬਹੁਮਤ ਨਾਲ ਵਾਪਸੀ ਕਰੇਗੀ ਅਤੇ ਲਗਾਤਾਰ ਤੀਜੀ ਵਾਰ ਸਰਕਾਰ ਬਣਾਏਗੀ। ਲੋਕ ਪਿਛਲੇ 10 ਸਾਲ ਤੋਂ ਹੋਏ ਸੂਬੇ ਦੇ ਵਿਕਾਸ ਦੇ ਆਧਾਰ 'ਤੇ ਵੋਟਾਂ ਪਾਉਣਗੇ। ਸੱਤਾ ਵਿਰੋਧੀ ਲਹਿਰ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਨੇ ਕਿਹਾ ਕਿ ਇਸ ਦੇ ਉਲਟ ਹਰਿਆਣਾ ਵਿਚ ਸੱਤਾ ਸਮਰਥਕ ਲਹਿਰ ਹੈ ਅਤੇ ਲੋਕਾਂ ਨੂੰ ਅਹਿਸਾਸ ਹੈ ਕਿ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਬਦਲ ਦਿੱਤਾ ਹੈ ਅਤੇ ਸੂਬੇ ਨੂੰ ਵਿਕਾਸ ਦੀਆਂ ਨਵੀਆਂ ਉੱਚਾਈਆਂ ਵੱਲ ਲੈ ਗਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਕਈ ਕਲਿਆਣਕਾਰੀ ਪਹਿਲ ਕੀਤੀ ਗਈ ਹੈ ਅਤੇ ਯੋਜਨਾਵਾਂ ਲਿਆਂਦੀਆਂ ਗਈਆਂ ਹਨ। 


Tanu

Content Editor

Related News