ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ ਭਾਜਪਾ : ਸ਼ਰਦ ਪਵਾਰ
Sunday, Apr 03, 2022 - 05:37 PM (IST)
ਕੋਲਹਾਪੁਰ (ਵਾਰਤਾ)- ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ.ਸੀ.ਪੀ.) ਦੇ ਪ੍ਰਧਾਨ ਸ਼ਰਦ ਪਵਾਰ ਨੇ ਐਤਵਾਰ ਨੂੰ ਦੋਸ਼ ਲਗਾਇਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਸਮਾਜ ਵਿਚ ਵੰਡ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪਵਾਰ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ‘ਦਿ ਕਸ਼ਮੀਰ ਫਾਈਲਜ਼’ ਅਸਲ 'ਚ ਸਹੀ ਨਹੀਂ ਹੈ। ਇਹ ਫਿਲਮ ਸੱਚੀਆਂ ਘਟਨਾਵਾਂ 'ਤੇ ਆਧਾਰਿਤ ਨਹੀਂ ਹੈ ਅਤੇ ਕਸ਼ਮੀਰੀ ਪੰਡਤਾਂ ਦੇ ਇਤਿਹਾਸ ਨੂੰ ਝੂਠਾ ਬਿਆਨ ਕਰਦੀ ਹੈ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਦਾ ਜ਼ਿਕਰ ਕਰਦਿਆਂ ਪਵਾਰ ਨੇ ਕਿਹਾ ਕਿ ਉਹ ਪਹਿਲੀ ਵਾਰ ਤੇਲ ਦੀਆਂ ਕੀਮਤਾਂ ਹਰ ਰੋਜ਼ ਵਧਦੇ ਹੋਏ ਦੇਖ ਰਹੇ ਹਨ।
ਉਨ੍ਹਾਂ ਕਿਹਾ ਕਿ ਉਹ ਕਾਂਗਰਸ ਅਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਬਣਨ ਦਾ ਕੋਈ ਪ੍ਰਸਤਾਵ ਮਨਜ਼ੂਰ ਨਹੀਂ ਕਰਨਗੇ ਪਰ ਉਹ ਸਾਰੇ ਵਿਰੋਧੀ ਦਲਾਂ ਨੂੰ ਲਿਆ ਕੇ ਲੋਕਤੰਤਰ ਨੂੰ ਮਜ਼ਬੂਤ ਬਣਾਉਣ 'ਚ ਆਪਣਾ ਸਹਿਯੋਗ ਜ਼ਰੂਰ ਦੇਣਗੇ। ਨਵ-ਨਿਰਮਾਣ ਸੈਨਾ ਦੇ ਪ੍ਰਧਾਨ ਰਾਜ ਠਾਕਰੇ ਦੇ ਗੁੜੀ ਪੜਵਾ ਵਾਲੇ ਬਿਆਨ 'ਤੇ, ਜਿਸ 'ਚ ਉਸ ਨੇ ਕਿਹਾ ਸੀ ਕਿ ਐਨ.ਸੀ.ਪੀ. ਫਿਰਕੂਵਾਦ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਪਵਾਰ ਨੇ ਕਿਹਾ ਕਿ ਉਹ ਠਾਕਰੇ ਦੇ ਬਿਆਨ ਨੂੰ 'ਗੰਭੀਰਤਾ' ਨਾਲ ਨਹੀਂ ਲੈਂਦੇ ਹਨ। ਉਨ੍ਹਾਂ ਕਿਹਾ,''ਉਨ੍ਹਾਂ ਨੂੰ ਇਸ ਤਰ੍ਹਾਂ ਦੇ ਬਿਆਨ ਦੇਣ ਤੋਂ ਪਹਿਲਾਂ ਐੱਨ.ਸੀ.ਪੀ. ਦੇ ਇਤਿਹਾਸ ਦੀ ਜਾਂਚ ਕਰਨੀ ਚਾਹੀਦੀ ਹੈ। ਸਾਡੀ ਨੀਤੀ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਰਹੀ ਹੈ, ਸਮਾਜ ਨੂੰ ਵੰਡਣ ਦੀ ਨਹੀਂ।''