ਬਿਹਾਰ ਚੋਣਾਂ ''ਚ ਭਾਜਪਾ ਸਪਤਰਿਸ਼ੀ ਯੋਜਨਾ ਨਾਲ ਕਰੇਗੀ ਡਿਜੀਟਲ ਪ੍ਰਚਾਰ

Sunday, May 24, 2020 - 08:39 PM (IST)

ਨਵੀੰ ਦਿੱਲੀ - ਕੋਰੋਨਾ ਸੰਕਟ ਵਿਚਾਲੇ ਬਿਹਾਰ ਵਿਧਾਨ ਸਭਾ ਚੋਣਾਂ ਲਈ ਭਾਜਪਾ ਕਈ ਮਹੀਨੇ ਪਹਿਲਾਂ ਤੋਂ ਹੀ ਆਪਣੀ ਰਣਨੀਤੀ ਨੂੰ ਆਖਰੀ ਰੂਪ ਦੇਣ ਵਿਚ ਲੱਗ ਗਈ ਹੈ। ਸਮਾਜਿਕ ਦੂਰੀ ਦਾ ਪਾਲਣ ਕਰਦੇ ਹੋਏ ਪਾਰਟੀ ਇਸ ਵਾਰ ਡਿਜੀਟਲ ਪ੍ਰਚਾਰ ਨੂੰ ਪ੍ਰਮੁੱਖਤਾ ਦਿੰਦੇ ਹੋਏ ਵੱਡੀਆਂ-ਵੱਡੀਆਂ ਰੈਲੀਆਂ ਦੀ ਥਾਂ 'ਤੇ ਫੇਸਬੁੱਕ ਲਾਈਵ, ਵਾਟਸਐਪ ਸਮੂਹ ਅਤੇ ਯੂ-ਟਿਊਬ ਲਾਈਵ ਦਾ ਇਸਤੇਮਾਲ ਪ੍ਰਭਾਵੀ ਤਰੀਕੇ ਨਾਲ ਕਰੇਗੀ। ਭਾਜਪਾ ਨੇ ਰਾਜ ਦੀਆਂ ਸਾਰੀਆਂ 243 ਵਿਧਾਨ ਸਭਾ ਸੀਟਾਂ ਲਈ ਚੋਣ ਇੰਚਾਰਜ ਨਿਯੁਕਤ ਕਰ ਦਿੱਤੇ ਹਨ ਅਤੇ ਹਰ ਬੂਥ 'ਤੇ ਸਪਤਰਿਸ਼ੀ  ਯੋਧਿਆਂ ਦੇ ਜ਼ਰੀਏ ਡਿਜੀਟਲ ਪ੍ਰਚਾਰ ਹੋਵੇਗਾ।

ਬਿਹਾਰ ਵਿਚ ਉਂਝ ਤਾਂ ਭਾਜਪਾ ਅਤੇ ਜਦ (ਯੂ) ਦੇ ਅਲੱਗ-ਅਲੱਗ ਚੋਣ ਲੜਣ ਦੀ ਸੰਭਾਵਨਾ ਨਹੀਂ ਹੈ ਪਰ ਭਾਜਪਾ ਸਾਰਿਆਂ ਸੀਟਾਂ 'ਤੇ ਚੋਣ ਇੰਚਾਰਜਾਂ ਨੂੰ ਤਾਇਨਾਤ ਕਰ ਅਤੇ ਹਰ ਬੂਥ 'ਤੇ ਪਾਰਟੀ ਵਰਕਰਾਂ ਦੇ ਨੈੱਟਵਰਕ ਨੂੰ ਸਰਗਰਮ ਕਰਕੇ ਇਹ ਸਪੱਸ਼ਟ ਸੰਕੇਤ ਦੇਣ ਦਾ ਯਤਨ ਕਰ ਰਹੀ ਹੈ ਕਿ ਉਹ 2015 ਵਿਧਾਨ ਸਭਾ ਚੋਣਾਂ ਦੀ ਹਰ ਕਮੀ ਨੂੰ ਦੂਰ ਕਰਨਾ ਚਾਹੁੰਦੀ ਹੈ। 2015 ਦੀਆਂ ਚੋਣਾਂ ਵਿਚ ਭਾਜਪਾ ਨੂੰ ਰਾਜਦ-ਜਦ (ਯੂ)-ਕਾਂਗਰਸ ਮਹਾ ਗਠਜੋੜ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਬਿਹਾਰ ਵਿਚ ਇਸ ਸਾਲ ਅਕਤੂਬਰ-ਨਵੰਬਰ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।

ਬਿਹਾਰ ਵਿਚ ਭਾਜਪਾ ਦੀ ਚੋਣਾਂ ਦੀਆਂ ਤਿਆਰੀਆਂ ਨੂੰ ਗਤੀ ਪ੍ਰਦਾਨ ਕਰਨ ਲਈ ਬੁੱਧਵਾਰ ਨੂੰ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਡਾ ਨੇ ਪ੍ਰਦੇਸ਼ ਕੋਰ ਕਮੇਟੀ ਦੇ ਨਾਲ ਵੀਡੀਓ ਕਾਨਫਰੰਸ ਦੇ ਜ਼ਰੀਏ ਕਰੀਬ 3 ਘੰਟੇ ਤੱਕ ਚਰਚਾ ਕੀਤੀ ਸੀ। ਰਾਜ ਵਿਚ ਅਜੇ ਜਦ (ਯੂ)-ਭਾਜਪਾ ਲੋਜਪਾ ਗਠਜੋੜ ਦੀ ਸਰਕਾਰ ਹੈ ਜਿਥੇ ਉਸ ਦਾ ਮੁਕਾਬਲਾ ਰਾਜਦ, ਕਾਂਗਰਸ ਸਮੇਤ ਵਿਰੋਧੀ ਗਠਜੋੜ ਨਾਲ ਹੋਣ ਦੀ ਸੰਭਾਵਨਾ ਹੈ। ਹਾਲ ਹੀ ਵਿਚ ਭਾਜਪਾ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਸੀ ਕਿ ਰਾਜ ਵਿਚ ਭਾਜਪਾ ਗਠਜੋੜ ਨੀਤਿਸ਼ ਕੁਮਾਰ ਦੀ ਅਗਵਾਈ ਵਿਚ ਚੋਣਾਂ ਲੜੇਗੀ।

ਭਾਜਪਾ ਰਾਜ ਦੀ ਚੋਟੀ ਦੀ ਅਗਵਾਈ ਨੇ ਪ੍ਰਦੇਸ਼ ਦੇ ਸਾਰੇ ਬੂਥਾਂ 'ਤੇ 7 ਲੋਕਾਂ ਦੀ ਇਕ ਕਮੇਟੀ ਗਠਨ ਕਰਨ ਨੂੰ ਕਿਹਾ ਹੈ। ਇਸ ਬੂਥ ਪੱਧਰੀ ਕਮੇਟੀ ਨੂੰ ਸਪਤਰਿਸ਼ੀ ਨਾਂ ਦਿੱਤਾ ਹੈ। ਇਸ ਬੂਥ ਕਮੇਟੀ ਵਿਚ ਦਲਿਤ, ਆਦਿਵਾਸੀ ਅਤੇ ਪਿਛੜੇ ਵਰਗ ਦੇ ਇਕ-ਇਕ ਨੁਮਾਇੰਦੇ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਕਮੇਟੀ ਵਿਚ ਨੌਜਵਾਨ ਅਤੇ ਔਰਤਾਂ ਨੂੰ ਵੀ ਸ਼ਾਮਲ ਕੀਤਾ ਜਾ ਰਿਹਾ ਹੈ। ਹਰ ਬੂਥ 'ਤੇ ਇਕ ਵਾਟਸਐਪ ਗਰੁੱਪ ਬਣੇਗਾ ਜਿਸ ਵਿਚ ਬੂਥ ਵਾਚਡੌਗ ਐਡਮਿਨ ਹੋਵੇਗਾ ਅਤੇ ਅਭਿਆਨ ਦੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾਣਗੀਆਂ। ਸਪਤਰਿਸ਼ੀ ਪ੍ਰੋਗਰਾਮ ਦੇ ਜ਼ਰੀਏ ਸਮਾਜ ਦੇ ਹਰ ਤਬਕੇ ਨੂੰ ਜੋੜਿਆ ਜਾਵੇਗਾ ਅਤੇ ਸਮਾਜਿਕ ਸਦਭਾਵ ਦਾ ਖਿਆਲ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਫੇਸਬੁੱਕ ਲਾਈਵ ਅਤੇ ਯੂ-ਟਿਊਬ ਲਾਈਵ ਦੇ ਮਾਧਿਅਮ ਨਾਲ ਪ੍ਰਚਾਰ ਕਾਰਜ ਕੀਤਾ ਜਾਵੇਗਾ।


Khushdeep Jassi

Content Editor

Related News