ਭਾਜਪਾ ਆਦਿਵਾਸੀਆਂ ਦੀ ਸੁਰੱਖਿਆ ਲਈ ਝਾਰਖੰਡ ’ਚ ਜਨਸੰਖਿਆ ’ਤੇ ਲਿਆਏਗੀ ‘ਵ੍ਹਾਈਟ ਪੇਪਰ’ : ਸ਼ਾਹ
Saturday, Jul 20, 2024 - 10:53 PM (IST)
ਰਾਂਚੀ, (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਾਬਕਾ ਪ੍ਰਧਾਨ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਵੱਡੇ ਪੱਧਰ ’ਤੇ ਘੁਸਪੈਠ ਹੋਣ ਕਾਰਨ ਝਾਰਖੰਡ ’ਚ ਕਬਾਇਲੀ ਆਬਾਦੀ ਘਟ ਰਹੀ ਹੈ ਅਤੇ ਜੇ ਸੂਬੇ ’ਚ ਭਾਜਪਾ ਦੀ ਅਗਲੀ ਸਰਕਾਰ ਬਣੀ ਤਾਂ ਉਹ ਉਨ੍ਹਾਂ ਦੀ (ਆਦਿਵਾਸੀਆਂ) ਜ਼ਮੀਨ ਅਤੇ ਅਧਿਕਾਰਾਂ ਦੀ ਸੁਰੱਖਿਆ ਲਈ ਜਨਸੰਖਿਆ ’ਤੇ ‘ਵ੍ਹਾਈਟ ਪੇਪਰ’ ਲਿਆਏਗੀ।
ਸ਼ਾਹ ਨੇ ਭਾਜਪਾ ਦੀ ਸਰਕਾਰ ਬਣਾਉਣ ਦਾ ਭਰੋਸਾ ਪ੍ਰਗਟਾਉਂਦਿਆਂ ਕਿਹਾ ਕਿ ਹਾਲ ਹੀ ’ਚ ਹੋਈਆਂ ਲੋਕ ਸਭਾ ਚੋਣਾਂ ਵਿਚ ਪਾਰਟੀ ਨੇ ਸੂਬੇ ਦੀਆਂ 81 ਵਿਧਾਨ ਸਭਾ ਸੀਟਾਂ ’ਚੋਂ 52 ਸੀਟਾਂ ਜਿੱਤੀਆਂ ਹਨ।
ਉਨ੍ਹਾਂ ਨੇ ਪਾਰਟੀ ਦੀ ਵਿਸਤ੍ਰਿਤ ਵਰਕਿੰਗ ਕਮੇਟੀ ਦੀ ਮੀਟਿੰਗ ਦੌਰਾਨ ਇੱਥੇ ਪ੍ਰਭਾਤ ਤਾਰਾ ਮੈਦਾਨ ਵਿਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘ਝਾਰਖੰਡ ਵਿਚ ਸਰਕਾਰ ਬਣਨ ਤੋਂ ਬਾਅਦ ਅਸੀਂ ਕਬਾਇਲੀ ਲੋਕਾਂ, ਉਨ੍ਹਾਂ ਦੀ ਜ਼ਮੀਨ, ਰਾਖਵੇਂਕਰਨ ਅਤੇ ਅਧਿਕਾਰਾਂ ਦੀ ਰਾਖੀ ਲਈ ਜਨਸੰਖਿਆ ’ਤੇ ‘ਵ੍ਹਾਈਟ ਪੇਪਰ’ ਲਿਆਵਾਂਗੇ।