ਭਾਜਪਾ ਦੀ ਜਾਂਚ ਕਮੇਟੀ ਨੇ ਬੀਰਭੂਮ ਹਿੰਸਾ ’ਤੇ ਨੱਢਾ ਨੂੰ ਸੌਂਪੀ ਰਿਪੋਰਟ

03/31/2022 12:03:42 PM

ਨਵੀਂ ਦਿੱਲੀ– ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲੇ ’ਚ ਵਾਪਰੀਆਂ ਹਿੰਸਾ ਅਤੇ ਸਾੜ-ਫੂਕ ਦੀਆਂ ਘਟਨਾਵਾਂ ’ਤੇ ਭਾਰਤੀ ਜਨਤਾ ਪਾਰਟੀ ਦੀ ‘ਤੱਥ ਲੱਭੋ’ ਕਮੇਟੀ ਨੇ ਬੁੱਧਵਾਰ ਆਪਣੀ ਰਿਪੋਰਟ ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਨੂੰ ਸੌਂਪੀ। ਕਮੇਟੀ ਨੇ ਆਪਣੀ ਰਿਪੋਰਟ ’ਚ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਅਗਵਾਈ ਹੇਠਲੀ ਤ੍ਰਿਣਮੂਲ ਕਾਂਗਰਸ ਦੀ ਸਰਕਾਰ ’ਤੇ ਗੰਭੀਰ ਸਵਾਲ ਖੜੇ ਕੀਤੇ ਹਨ।

ਕਮੇਟੀ ਨੇ ਕਿਹਾ ਹੈ ਕਿ ਸੂਬਾ ਸਰਕਾਰ ਹਿੰਸਾ ਦਾ ਸੱਚ ਸਾਹਮਣੇ ਨਹੀਂ ਆਉਣ ਦੇ ਰਹੀ। ਇਹ ਹਿੰਸਾ ਗਿਣੀ-ਮਿਥੀ ਸਾਜ਼ਿਸ਼ ਦਾ ਸਿੱਟਾ ਸੀ। ਪੁਲਸ ਅਤੇ ਪ੍ਰਸ਼ਾਸਨ ਦੀ ਸਰਪ੍ਰਸਤੀ ਹੇਠ ਇਹ ਹਿੰਸਾ ਹੋਈ। ਇਸ ਹਿੰਸਾ ’ਚ ਸੂਬੇ ਦਾ ਪ੍ਰਸ਼ਾਸਨਿਕ ਅਮਲਾ ਸ਼ਾਮਲ ਸੀ। ਪੱਛਮੀ ਬੰਗਾਲ ਦੇ ਮਾਫੀਆ ਅਤੇ ਤ੍ਰਿਣਮੂਲ ਕਾਂਗਰਸ ਨੇ ਮਿਲ ਕੇ ਇਸ ਨੂੰ ਅੰਜਾਮ ਦਿੱਤਾ। ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਅੱਗ ਤੋਂ ਬਚਣ ਲਈ ਭੱਜਣ ਵਾਲੇ ਲੋਕਾਂ ਨੂੰ ਫੜ ਕੇ ਉਨ੍ਹਾਂ ਦੀ ਹੱਤਿਆ ਕੀਤੀ ਗਈ।

ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਪੱਛਮੀ ਬੰਗਾਲ ’ਚ ਅਮਨ ਕਾਨੂੰਨ ਦੀ ਹਾਲਤ ਪੂਰੀ ਤਰ੍ਹਾਂ ਵਿਗੜ ਗਈ ਹੈ। ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਰਾਸ਼ਟਰੀ ਮਹਿਲਾ ਕਮਿਸ਼ਨ ਨੂੰ ਹਿੰਸਾ ਤੋਂ ਪੀੜ੍ਹਤ ਪਿੰਡ ਦਾ ਦੌਰਾ ਕਰ ਕੇ ਲੋਕਾਂ ’ਚ ਪਾਈ ਜਾਂਦੀ ਡਰ ਦੀ ਭਾਵਨਾ ਨੂੰ ਖਤਮ ਕਰਨਾ ਚਾਹੀਦਾ ਹੈ। ਕਮੇਟੀ ’ਚ ਉੱਤਰ ਪ੍ਰਦੇਸ਼ ਦੇ ਸਾਬਕਾ ਪੁਲਸ ਮੁਖੀ ਅਤੇ ਸੰਸਦ ਮੈਂਬਰ ਬ੍ਰਿਜ ਲਾਲ, ਮੁੰਬਈ ਦੇ ਸਾਬਕਾ ਪੁਲਸ ਕਮਿਸ਼ਨਰ ਅਤੇ ਐੱਮ. ਪੀ. ਸਤਪਾਲ ਸਿੰਘ, ਭਾਰਤੀ ਪੁਲਸ ਸੇਵਾ ਦੇ ਸਾਬਕਾ ਅਧਿਕਾਰੀ ਅਤੇ ਸੰਸਦ ਮੈਂਬਰ ਕੇ. ਸੀ. ਰਾਮਮੂਰਤੀ, ਪੱਛਮੀ ਬੰਗਾਲ ਭਾਜਪਾ ਦੇ ਮੁਖੀ ਸੁਕਾਂਤ ਮਜੂਮਦਾਰ ਅਤੇ ਸਾਬਕਾ ਆਈ. ਪੀ. ਐੱਸ. ਅਧਿਕਾਰੀ ਭਾਰਤੀ ਘੋਸ਼ ਮੈਂਬਰ ਹਨ।


Rakesh

Content Editor

Related News