ਹਰਿਆਣਾ ਦੀ ਆਦਮਪੁਰ ਸੀਟ ’ਤੇ ਭਾਜਪਾ ਦੀ ਜਿੱਤ, ਭਵਿਆ ਬਿਸ਼ਨੋਈ ਜਿੱਤੇ

Sunday, Nov 06, 2022 - 02:13 PM (IST)

ਹਰਿਆਣਾ ਦੀ ਆਦਮਪੁਰ ਸੀਟ ’ਤੇ ਭਾਜਪਾ ਦੀ ਜਿੱਤ, ਭਵਿਆ ਬਿਸ਼ਨੋਈ ਜਿੱਤੇ

ਹਿਸਾਰ- ਆਦਮਪੁਰ ਵਿਧਾਨ ਸਭਾ ਜ਼ਿਮਨੀ ਚੋਣ ’ਚ ਭਾਜਪਾ ਦਾ ਡੰਕਾ ਵਜਿਆ ਹੈ। ਆਦਮਪੁਰ ਵਿਧਾਨ ਸਭਾ ਜ਼ਿਮਨੀ ਚੋਣ ਵਿਚ ਭਾਜਪਾ ਉਮੀਦਵਾਰ ਭਵਿਆ ਬਿਸ਼ਨੋਈ ਨੇ ਆਪਣੇ ਨੇੜਲੇ ਮੁਕਾਬਲੇਬਾਜ਼ ਅਤੇ ਕਾਂਗਰਸ ਉਮੀਦਵਾਰ ਜੈ ਪ੍ਰਕਾਸ਼ ਨੂੰ ਲਗਭਗ 16,000 ਵੋਟਾਂ ਦੇ ਫਰਕ ਨਾਲ ਹਰਾਇਆ। ਚੋਣ ਕਮਿਸ਼ਨ ਵੱਲੋਂ ਐਲਾਨੇ ਨਤੀਜਿਆਂ ਮੁਤਾਬਕ ਬਿਸ਼ਨੋਈ ਨੂੰ 67,376 ਵੋਟਾਂ ਮਿਲੀਆਂ ਅਤੇ ਉਨ੍ਹਾਂ ਦੇ ਨੇੜਲੇ ਉਮੀਦਵਾਰ ਅਤੇ ਕਾਂਗਰਸ ਦੇ ਜੈਪ੍ਰਕਾਸ਼ ਨੂੰ 51,662 ਮਿਲੇ। ਯਾਨੀ ਕਿ ਭਵਿਆ ਨੇ ਜੈਪ੍ਰਕਾਸ਼ ਨੂੰ 15,714 ਵੋਟਾਂ ਦੇ ਫਰਕ ਨਾਲ ਹਰਾਇਆ ਹੈ। 

ਦੱਸ ਦੇਈਏ ਕਿ ਆਦਮਪੁਰ ਜ਼ਿਮਨੀ ਚੋਣ ਲਈ ਸਖ਼ਤ ਸੁਰੱਖਿਆ ਦਰਮਿਆਨ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਕੀਤੀ ਗਈ। ਭਵਿਆ ਦਾ ਮੁਕਾਬਲਾ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਸਤੇਂਦਰ ਸਿੰਘ, ਕਾਂਗਰਸ ਦੇ ਜੈਪ੍ਰਕਾਸ਼ ਅਤੇ ਇਨੈਲੋ ਦੇ ਕੁਰਦਾਰਾਮ ਨੰਬਰਦਾਰ ਨਾਲ ਰਿਹਾ।

ਇਹ ਵੀ ਪੜ੍ਹੋ- ਕੀ ਭਵਿਆ ਬਿਸ਼ਨੋਈ ਬਚਾ ਸਕੇਗਾ ‘ਸਾਖ਼’?, 54 ਸਾਲਾਂ ਤੋਂ ਨਹੀਂ ਹਾਰਿਆ ਭਜਨਲਾਲ ਪਰਿਵਾਰ

ਦੱਸ ਦੇਈਏ ਕਿ ਭਜਨਲਾਲ ਦੇ ਪੁੱਤਰ ਕੁਲਦੀਪ ਬਿਸ਼ਨੋਈ ਦੇ ਅਸਤੀਫ਼ਾ ਦੇ ਕੇ ਕਾਂਗਰਸ ਤੋਂ ਭਾਜਪਾ ’ਚ ਸ਼ਾਮਲ ਹੋਣ ਕਾਰਨ ਆਦਮਪੁਰ ਸੀਟ ’ਤੇ ਜ਼ਿਮਨੀ ਚੋਣ ਹੋਈ। ਇਸ ਸੀਟ ’ਤੇ ਸਾਲ 1968 ਤੋਂ ਭਜਨਲਾਲ ਪਰਿਵਾਰ ਦਾ ਕਬਜ਼ਾ ਹੈ। 3 ਨਵੰਬਰ ਨੂੰ ਆਦਮਪੁਰ ਵਿਧਾਨ ਸਭਾ ਜ਼ਿਮਨੀ ਚੋਣ ’ਚ 75 ਫ਼ੀਸਦੀ ਤੋਂ ਵੱਧ ਵੋਟਿੰਗ ਹੋਈ। ਜ਼ਿਮਨੀ ਚੋਣ 5 ਦਹਾਕਿਆਂ ਤੋਂ ਭਜਨਲਾਲ ਪਰਿਵਾਰ ਦਾ ਗੜ੍ਹ ਰਹੇ ਇਸ ਖੇਤਰ ਵਿਚ ਉਨ੍ਹਾਂ ਦੀ ਸਾਖ਼ ਨੂੰ ਭਵਿਆ ਨੇ ਬਰਕਰਾਰ ਰੱਖਿਆ ਹੈ। 

ਇਹ ਵੀ ਪੜ੍ਹੋ- ਜ਼ਿਮਨੀ ਚੋਣ: ਆਦਮਪੁਰ ਤੋਂ ਕੌਣ ਮਾਰੇਗਾ ਬਾਜ਼ੀ? ਵੋਟਾਂ ਦੀ ਗਿਣਤੀ ਜਾਰੀ

ਦੱਸ ਦੇਈਏ ਕਿ ਭਵਿਆ ਦੇ ਪਿਤਾ ਕੁਲਦੀਪ ਬਿਸ਼ਨੋਈ 2019 ’ਚ ਇਸ ਸੀਟ ’ਤੇ ਕਾਂਗਰਸ ਦੀ ਟਿਕਟ ਤੋਂ ਚੋਣ ਜਿੱਤੇ ਸਨ ਪਰ ਉਹ ਵਿਧਾਇਕੀ ਤੋਂ ਅਸਤੀਫ਼ਾ ਦੇ ਕੇ ਭਾਜਪਾ ’ਚ ਸ਼ਾਮਲ ਹੋ ਗਏ। ਆਦਮਪੁਰ ਸੀਟ 1968 ਤੋਂ ਭਜਨਲਾਲ ਪਰਿਵਾਰ ਦਾ ਗੜ੍ਹ ਰਹੀ ਹੈ।  ਭਜਨਲਾਲ ਪਰਿਵਾਰ ਦੀਆਂ ਦੋ ਪੀੜ੍ਹੀਆਂ ਨੇ ਕਾਂਗਰਸ ਦੀ ਟਿਕਟ ’ਤੇ ਹੀ ਲਗਾਤਾਰ 54 ਸਾਲ ਤੱਕ ਇਸ ਸੀਟ ਦੀ ਨੁਮਾਇੰਦਗੀ ਕੀਤੀ ਹੈ। ਮਰਹੂਮ ਮੁੱਖ ਮੰਤਰੀ ਭਜਨਲਾਲ ਨੇ ਇਸ ਸੀਟ ਦਾ 9 ਵਾਰ, ਉਨ੍ਹਾਂ ਦੀ ਪਤਨੀ ਜਸਮਾ ਦੇਵੀ ਨੇ ਇਕ ਵਾਰ ਅਤੇ ਕੁਲਦੀਪ ਬਿਸ਼ਨੋਈ ਨੇ 4 ਵਾਰ ਜਿੱਤ ਹਾਸਲ ਕੀਤੀ ਹੈ। ਹਾਲਾਂਕਿ ਸਾਰਿਆਂ ਨੇ ਇਹ ਜਿੱਤ ਕਾਂਗਰਸ ਉਮੀਦਵਾਰ ਦੇ ਤੌਰ ’ਤੇ ਕੀਤੀ। ਇਸ ਵਾਰ ਆਦਮਪੁਰ ਵਿਧਾਨ ਸਭਾ ਸੀਟ ’ਤੇ ਕੁਲਦੀਪ ਦੇ ਪੁੱਤਰ ਭਵਿਆ ਬਿਸ਼ਨੋਈ ਨੇ ਭਾਜਪਾ ਦੀ ਟਿਕਟ ’ਤੇ ਚੋਣ ਲੜੀ ਅਤੇ ਜਿੱਤ ਪੱਕੀ ਕੀਤੀ। 


author

Tanu

Content Editor

Related News