ਅਸਤੀਫਾ ਦੇਣ ਦੀ ਮਮਤਾ ਦੀ ਪੇਸ਼ਕਸ਼ ਡਰਾਮਾ : ਭਾਜਪਾ
Friday, Sep 13, 2024 - 08:34 PM (IST)
ਨਵੀਂ ਦਿੱਲੀ- ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਸਖ਼ਤ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਉਹ ਸਰਕਾਰ ਨੂੰ ਸਹੀ ਤਰੀਕੇ ਚਲਾਉਣ ’ਚ ਸਮਰੱਥ ਨਹੀਂ ਹੈ, ਇਸ ਲਈ ਉਨ੍ਹਾਂ ਦਾ ਅਸਤੀਫਾ ਦੇਣਾ ਹੀ ਬਿਹਤਰ ਹੋਵੇਗਾ।
ਕੇਂਦਰੀ ਮੰਤਰੀ ਦਾ ਇਹ ਬਿਆਨ ਆਰ. ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ’ਚ ਜੂਨੀਅਰ ਡਾਕਟਰ ਨਾਲ ਕਥਿਤ ਜਬਰ-ਜ਼ਨਾਹ ਅਤੇ ਹੱਤਿਆ ਨੂੰ ਲੈ ਕੇ ਕੋਲਕਾਤਾ ’ਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਆਇਆ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਮਮਤਾ ਬੈਨਰਜੀ ਨੇ ਖੁਦ ਆਪਣਾ ਅਸਤੀਫਾ ਦੇਣ ਦੀ ਪੇਸ਼ਕਸ਼ ਕੀਤੀ ਸੀ।
ਮਮਤਾ ਬੈਨਰਜੀ ਬਾਰੇ ਬੋਲਦਿਆਂ ਜੋਸ਼ੀ ਨੇ ਕਿਹਾ ਕਿ ਉਨ੍ਹਾਂ ਨੂੰ ਜਾਣ ਦਿਓ, ਕਿਉਂਕਿ ਉਹ ਸਰਕਾਰ ਚਲਾਉਣ ’ਚ ਸਮਰੱਥ ਨਹੀਂ ਹਨ। ਉਹ ਕਿਸੇ ਨੂੰ ਨਿਆਂ ਦਿਵਾਉਣ ’ਚ ਸਮਰੱਥ ਨਹੀਂ ਹਨ। ਬਿਹਤਰ ਹੈ ਕਿ ਉਨ੍ਹਾਂ ਨੂੰ ਚਲੇ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਉਨ੍ਹਾਂ ਦੇ ਹਾਲੀਆ ਬਿਆਨ ਨੂੰ ਵੀ ਸਿਆਸੀ ਕਰਾਰ ਦਿੱਤਾ।
ਜੋਸ਼ੀ ਨੇ ਕਿਹਾ ਕਿ ਉਨ੍ਹਾਂ ਨੇ ਜੋ ਵੀ ਬਿਆਨ ਦਿੱਤਾ ਹੈ ਉਹ ਸਿਰਫ ਇਕ ਡਰਾਮਾ ਹੈ। ਕੇਂਦਰੀ ਮੰਤਰੀ ਦਾ ਇਹ ਬਿਆਨ ਉਦੋਂ ਆਇਆ ਹੈ, ਜਦੋਂ ਮਮਤਾ ਬੈਨਰਜੀ ਨੇ ਜੂਨੀਅਰ ਡਾਕਟਰਾਂ ਦੇ ਚੱਲ ਰਹੇ ਵਿਰੋਧ ਪ੍ਰਦਰਸ਼ਨ ਦਰਮਿਆਨ ਅਸਤੀਫਾ ਦੇਣ ਦੀ ਪੇਸ਼ਕਸ਼ ਕੀਤੀ ਸੀ।
ਅਸਤੀਫੇ ਦੀ ਮੰਗ ਨੂੰ ਲੈ ਕੇ ਭਾਜਪਾ ਦਾ ਪ੍ਰਦਰਸ਼ਨ ਜਾਰੀ
ਆਰ. ਜੀ. ਕਰ ਹਸਪਤਾਲ ਘਟਨਾ ਨਾਲ ਸਹੀ ਤਰੀਕੇ ਨਾਲ ਕਥਿਤ ਤੌਰ ’ਤੇ ਨਾ ਨਜਿੱਠਣ ਨੂੰ ਲੈ ਕੇ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਕੋਲਕਾਤਾ ਦੇ ਪੁਲਸ ਕਮਿਸ਼ਨਰ ਵਿਨੀਤ ਗੋਇਲ ਦੇ ਅਸਤੀਫੇ ਦੀ ਮੰਗ ਕਰਦੇ ਹੋਏ ਭਾਜਪਾ ਨੇ ਸ਼ੁੱਕਰਵਾਰ ਨੂੰ ਵੀ ਪੱਛਮੀ ਬੰਗਾਲ ਦੇ ਕੁਝ ਹਿੱਸਿਆਂ ’ਚ ਆਪਣਾ ਪ੍ਰਦਰਸ਼ਨ ਜਾਰੀ ਰੱਖਿਆ।
ਪਾਰਟੀ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਦੇ ਨੇਤਾਵਾਂ ਨੇ ਐਸਪਲੇਨੇਡ ਖੇਤਰ ’ਚ ਆਪਣੇ ਧਰਨੇ ਵਾਲੀ ਥਾਂ ’ਤੇ ਦਿੱਤੇ ਗਏ ਭਾਸ਼ਣਾਂ ’ਚ ਸੂਬਾ ਸਰਕਾਰ ਦੀ ਆਲੋਚਨਾ ਕੀਤੀ, ਜਦੋਂ ਕਿ ਕੁਝ ਮਹਿਲਾ ਪ੍ਰਰਸ਼ਨਕਾਰੀਆਂ ਨੇ ਆਪਣੇ ਖੂਨ ਨਾਲ ਰੇਖਾਚਿਤਰ ਬਣਾਇਆ। ਉਨ੍ਹਾਂ ਨੇ ਪੀੜਤਾ ਲਈ ਨਿਆਂ ਦੀ ਮੰਗ ਕਰਦੇ ਹੋਏ ਆਪਣੇ ਹੱਥਾਂ ’ਚ ਤਖਤੀਆਂ ਫੜੀਆਂ ਹੋਈਆਂ ਸਨ।