ਨੱਢਾ ਦੀ ਸੁਰੱਖਿਆ ''ਚ ਵੱਡੀ ਚੂਕ, ਕਾਫ਼ਲੇ ਦੀਆਂ ਗੱਡੀਆਂ ''ਚ ਕੀਤੀ ਗਈ ਭੰਨ-ਤੋੜ
Thursday, Dec 10, 2020 - 01:51 PM (IST)
ਕੋਲਕਾਤਾ— ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇ. ਪੀ. ਨੱਢਾ ਪੱਛਮੀ ਬੰਗਾਲ ਦੇ ਦੌਰੇ 'ਤੇ ਹਨ। ਅੱਜ ਉਨ੍ਹਾਂ ਦੇ ਦੌਰੇ ਦਾ ਦੂਜਾ ਦਿਨ ਹੈ। ਨੱਢਾ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਤੀਜੇ ਅਤੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਨਾਲ ਸੰਸਦੀ ਖੇਤਰ ਡਾਇਮੰਡ ਹਾਰਬਰ ਜਾ ਰਹੇ ਸਨ। ਡਾਇਮੰਡ ਹਾਰਬਰ 'ਚ ਭਾਜਪਾ ਨੇਤਾ ਕੈਲਾਸ਼ ਵਿਜੇਵਰਗੀਯ ਦੇ ਵਾਹਨ 'ਤੇ ਕੁਝ ਪ੍ਰਦਰਸ਼ਨਕਾਰੀਆਂ ਨੇ ਪਥਰਾਅ ਕੀਤਾ। ਪ੍ਰਦਰਸ਼ਨਕਾਰੀਆਂ ਨੇ ਉਸ ਸੜਕ ਨੂੰ ਵੀ ਬੰਦ ਕਰਨ ਦੀ ਕੋਸ਼ਿਸ਼ ਕੀਤੀ, ਜਿੱਥੋਂ ਭਾਜਪਾ ਪ੍ਰਧਾਨ ਨੱਢਾ ਦਾ ਕਾਫ਼ਲਾ ਉੱਥੋਂ ਲੰਘ ਰਿਹਾ ਸੀ।
ਦੱਖਣੀ 24 ਪਰਗਨਾ 'ਚ ਟੀ. ਐੱਮ. ਸੀ. ਅਤੇ ਭਾਜਪਾ ਵਰਕਰਾਂ ਵਿਚਾਲੇ ਝੜਪ ਵੀ ਹੋਈ ਹੈ। ਭਾਜਪਾ ਪ੍ਰਦੇਸ਼ ਪ੍ਰਧਾਨ ਦਿਲੀਪ ਘੋਸ਼ ਦਾ ਦੋਸ਼ ਹੈ ਕਿ ਟੀ. ਐੱਮ. ਸੀ. ਵਰਕਰਾਂ ਨੇ ਭਾਜਪਾ ਪ੍ਰਧਾਨ ਨੱਢਾ ਦਾ ਕਾਫ਼ਲਾ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਟੀ. ਐੱਮ. ਸੀ. ਵਰਕਰਾਂ ਨੇ ਪਥਰਾਅ ਵੀ ਕੀਤਾ। ਹਾਲਾਂਕਿ ਸੁਰੱਖਿਆ ਏਜੰਸੀਆਂ ਨੇ ਨੱਢਾ ਦੇ ਕਾਫ਼ਲੇ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹੈ। ਭਾਜਪਾ ਨੇ ਦਾਅਵਾ ਕੀਤਾ ਹੈ ਕਿ ਜਦੋਂ ਭਾਜਪਾ ਵਰਕਰ ਨੱਢਾ ਦੇ ਸਵਾਗਤ ਨੂੰ ਲੈ ਕੇ ਝੰਡਾ ਪੋਸਟਰ ਲਾ ਰਹੇ ਸਨ, ਤਾਂ ਟੀ. ਐੱਮ. ਸੀ. ਦੇ ਲੋਕਾਂ ਨੇ ਉਨ੍ਹਾਂ 'ਤੇ ਹਮਲਾ ਬੋਲ ਦਿੱਤਾ।