ਭਾਜਪਾ ਨੇ ਦਿੱਲੀ ਦੀਆਂ 41 ਸੀਟਾਂ ਲਈ 125 ਸੰਭਾਵਿਤ ਉਮੀਦਵਾਰਾਂ ਦੀ ਸੂਚੀ ਤਿਆਰ ਕੀਤੀ

Wednesday, Jan 08, 2025 - 11:54 PM (IST)

ਭਾਜਪਾ ਨੇ ਦਿੱਲੀ ਦੀਆਂ 41 ਸੀਟਾਂ ਲਈ 125 ਸੰਭਾਵਿਤ ਉਮੀਦਵਾਰਾਂ ਦੀ ਸੂਚੀ ਤਿਆਰ ਕੀਤੀ

ਨੈਸ਼ਨਲ ਡੈਸਕ- ਭਾਜਪਾ ਲੀਡਰਸ਼ਿਪ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਲਈ ਬਾਕੀ ਬਚੇ 41 ਉਮੀਦਵਾਰਾਂ ਦੇ ਨਾਵਾਂ ਨੂੰ ਅੰਤਿਮ ਰੂਪ ਦੇਣ ਲਈ ਜੱਦੋਜਹਿਦ ਕਰ ਰਹੀ ਹੈ।

ਸੰਭਾਵਿਤ ਉਮੀਦਵਾਰਾਂ ਤੇ ਵੱਖ-ਵੱਖ ਕਨਵੀਨਰਾਂ ਦੀ ਇਕ ਸੂਚੀ ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਡਾ ਵੱਲੋਂ ਪਾਰਟੀ ਹਾਈ ਕਮਾਂਡ ਅੱਗੇ ਰੱਖੀ ਗਈ ਹੈ। ਰਿਪੋਰਟਾਂ ਦੀ ਮੰਨੀਏ ਤਾਂ 125 ਉਮੀਦਵਾਰਾਂ ਦੀ ਸੂਚੀ ਤਿਆਰ ਕੀਤੀ ਗਈ ਹੈ। ਇਨ੍ਹਾਂ ’ਚੋਂ 41 ਦੀ ਚੋਣ ਕੀਤੀ ਜਾਵੇਗੀ।

ਇਸ ਗੱਲ ਦੀ ਸੰਭਾਵਨਾ ਹੈ ਕਿ ਭਾਜਪਾ ਦੇ ਵਾਦ ਵਿਵਾਦ ਵਾਲੇ ਉਮੀਦਵਾਰ ਰਮੇਸ਼ ਬਿਧੂੜੀ ਦਾ ਹਲਕਾ ਬਦਲਿਆ ਜਾ ਸਕਦਾ ਹੈ। ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਸਿੰਘ ਵਿਰੁੱਧ ਕਿਸੇ ਮਹਿਲਾ ਚਿਹਰੇ ਨੂੰ ਮੈਦਾਨ ’ਚ ਉਤਾਰਿਆ ਜਾ ਸਕਦਾ ਹੈ।

ਭਾਰਤੀ ਜਨਤਾ ਪਾਰਟੀ ਦੀ ਦਿੱਲੀ ਇਕਾਈ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੇ ਨਾਵਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹੈ। ਜਿੱਥੇ ਇਕ ਪਾਸੇ ਟਿਕਟਾਂ ਨੂੰ ਲੈ ਕੇ ਜ਼ੋਰਦਾਰ ਲਾਬਿੰਗ ਚੱਲ ਰਹੀ ਹੈ, ਉੱਥੇ ਹੀ ਦੂਜੇ ਪਾਸੇ ਇਹ ਵੀ ਕਿਆਸ-ਅਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਆਖਰ ਟਿਕਟ ਕਿਸ ਨੂੰ ਮਿਲੇਗੀ।

ਕਾਂਗਰਸ ਵੱਲੋਂ ਜ਼ੋਰ ਲਾਉਣ ਤੇ ਮੁਕਾਬਲੇ ਦੇ ਤਿਕੋਣਾ ਹੋਣ ਕਾਰਨ ਭਾਜਪਾ ਦੀ ਟਿਕਟ ਲਈ ਲੜਾਈ ਕਾਫੀ ਸਖਤ ਹੈ। ਅਜਿਹੀਆਂ ਰਿਪੋਰਟਾਂ ਹਨ ਕਿ ਭਾਜਪਾ ਆਪਣੇ ਕੋਰ ਵੋਟ ਬੈਂਕ ਦੇ ਨਾਲ ਹੀ ਵਧੇਰੇ ਹਮਾਇਤ ਹਾਸਲ ਕਰਨ ਲਈ ਔਰਤਾਂ ਤੇ ਦਲਿਤਾਂ ’ਤੇ ਵੀ ਧਿਆਨ ਦੇ ਸਕਦੀ ਹੈ।

ਉਂਝ ਤਾਂ ਭਾਜਪਾ ਲੀਡਰਸ਼ਿਪ ਦੁਚਿੱਤੀ ’ਚ ਹੈ ਪਰ ਸਾਬਕਾ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਤੇ ਲੋਕ ਸਭਾ ਦੀ ਮੌਜੂਦਾ ਮੈਂਬਰ ਬਾਂਸੁਰੀ ਸਵਰਾਜ ਮੁੜ ਸੁਰਖੀਆਂ ’ਚ ਹਨ।

ਕਈ ਲੋਕਾਂ ਨੂੰ ਡਰ ਹੈ ਕਿ ਉਨ੍ਹਾਂ ਨੂੰ ਸੀ. ਐੱਮ. ਦਾ ਚਿਹਰਾ ਐਲਾਨਿਅਾ ਜਾਣਾ ਉਲਟਾ ਪੈ ਸਕਦਾ ਹੈ।

ਅਜੇ ਕੋਈ ਵੀ ਮੀਨਾਕਸ਼ੀ ਲੇਖੀ ਨੂੰ ਪਸੰਦ ਨਹੀਂ ਕਰ ਰਿਹਾ ਪਰ ਉਨ੍ਹਾਂ ਦੀ ਕਿਸਮਤ ਫਿਰ ਚਮਕ ਸਕਦੀ ਹੈ।


author

Rakesh

Content Editor

Related News