ਭਾਜਪਾ 2024 ਦੀਆਂ ਆਮ ਚੋਣਾਂ ਦੇ ਮੱਦੇਨਜ਼ਰ ਫਿਰਕੂ ਹਿੰਸਾ ਭੜਕਾਉਣ ਦੀ ਬਣਾ ਰਹੀ ਹੈ ਯੋਜਨਾ : ਸਿੱਬਲ
Saturday, Apr 01, 2023 - 12:04 PM (IST)
ਨਵੀਂ ਦਿੱਲੀ (ਭਾਸ਼ਾ)- ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਸ਼ਨੀਵਾਰ ਨੂੰ ਦੋਸ਼ ਲਗਾਇਆ ਕਿ 2024 'ਚ ਹੋਣ ਵਾਲੀਆਂ ਆਮ ਚੋਣਾਂ ਦੇ ਕਰੀਬ ਆਉਣ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ (ਭਾਜਪਾ) ਫਿਰਕੂ ਹਿੰਸਾ ਭੜਕਾਉਣ ਦੀ ਯੋਜਨਾ ਬਣਾ ਰਹੀ ਹੈ ਅਤੇ ਪੱਛਮੀ ਬੰਗਾਲ ਤੇ ਗੁਜਰਾਤ 'ਚ ਹਾਲੀਆ ਘਟਨਾਵਾਂ ਇਸ ਦਾ 'ਟਰੇਲਰ' ਹਨ। ਪੱਛਮੀ ਬੰਗਾਲ ਦੇ ਹਾਵੜਾ ਸ਼ਹਿਰ 'ਚ ਵੀਰਵਾਰ ਨੂੰ ਰਾਮਨੌਮੀ 'ਤੇ ਸ਼ੋਭਾ ਯਾਤਰਾ ਕੱਢੇ ਜਾਣ ਦੌਰਾਨ 2 ਸਮੂਹਾਂ ਵਿਚਾਲੇ ਹਿੰਸਕ ਝੜਪ ਹੋ ਗਈ ਸੀ। ਇਸ ਨੂੰ ਲੈ ਕੇ ਭਾਜਪਾ ਅਤੇ ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) ਦੋਹਾਂ ਨੇ ਇਕ-ਦੂਜੇ 'ਤੇ ਦੋਸ਼ ਲਗਾਏ ਹਨ। ਰਾਮਨੌਮੀ ਦੌਰਾਨ ਗੁਜਰਾਤ ਅਤੇ ਮਹਾਰਾਸ਼ਟਰ ਤੋਂ ਵੀ ਹਿੰਸਾ ਦੀਆਂ ਖ਼ਬਰਾਂ ਮਿਲੀਆਂ ਸਨ।
ਸਿੱਬਲ ਨੇ ਟਵੀਟ ਕੀਤਾ,''2024 ਨੇੜੇ ਆ ਰਿਹਾ ਹੈ, ਅਜਿਹੇ 'ਚ ਭਾਜਪਾ ਇਨ੍ਹਾਂ ਯੋਜਨਾਵਾਂ 'ਤੇ ਕੰਮ ਕਰ ਰਹੀ ਹੈ- 1. ਫਿਰਕੂ ਹਿੰਸਾ, 2. ਨਫ਼ਰਤੀ ਭਾਸ਼ਣ ਅਤੇ ਸਮੱਗਰੀ, 3. ਘੱਟ ਗਿਣਤੀਆਂ ਨੂੰ ਤੰਗ ਕਰਨਾ, 4 ਈ.ਡੀ. (ਇਨਫੋਰਸਮੈਂਟ ਡਾਇਰੈਕਟੋਰੇਟ), ਸੀ.ਬੀ.ਆਈ. (ਕੇਂਦਰੀ ਜਾਂਚ ਬਿਊਰੋ), ਚੋਣ ਕਮਿਸ਼ਨ ਦਾ ਇਸਤੇਮਾਲ ਕਰ ਕੇ ਵਿਰੋਧੀ ਧਿਰ ਨੂੰ ਨਿਸ਼ਾਨਾ ਬਣਾਉਣਾ।'' ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ, ਕਰਨਾਟਕ, ਮਹਾਰਾਸ਼ਟਰ ਅਤੇ ਗੁਜਰਾਤ 'ਚ ਹੋਈਆਂ ਹਿੰਸਾ ਦੀਆਂ ਘਟਨਾਵਾਂ ਇਸ ਦਾ 'ਟਰੇਲਰ' ਹਨ। ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂ.ਪੀ.ਏ.) ਸਰਕਾਰ ਦੇ ਪਹਿਲੇ ਅਤੇ ਦੂਜੇ ਕਾਰਜਕਾਲ 'ਚ ਕੇਂਦਰੀ ਮੰਤਰੀ ਰਹੇ ਸਿੱਬਲ ਨੇ ਪਿਛਲੇ ਸਾਲ ਮਈ 'ਚ ਕਾਂਗਰਸ ਛੱਡ ਦਿੱਤੀ ਸੀ ਅਤੇ ਸਮਾਜਵਾਦੀ ਪਾਰਟੀ (ਸਪਾ) ਦੇ ਸਮਰਥਨ ਨਾਲ ਆਜ਼ਾਦ ਮੈਂਬਰ ਵਜੋਂ ਰਾਜ ਸਭਾ ਸੰਸਦ ਮੈਂਬਰ ਚੁਣੇ ਗਏ ਸਨ।