ਭਾਜਪਾ ਸੰਸਦ ਮੈਂਬਰ ਰਾਮਸਵਰੂਪ ਦੀ ਸ਼ੱਕੀ ਹਲਾਤਾਂ ’ਚ ਮੌਤ, ਪੱਖੇ ਨਾਲ ਲਟਕਦੀ ਮਿਲੀ ਲਾਸ਼
Wednesday, Mar 17, 2021 - 10:39 AM (IST)
ਨਵੀਂ ਦਿੱਲੀ— ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਸੀਟ ਤੋਂ ਭਾਜਪਾ ਪਾਰਟੀ ਦੇ ਸੰਸਦ ਮੈਂਬਰ ਰਾਮਸਵਰੂਪ ਸ਼ਰਮਾ ਦੀ ਬੁੱਧਵਾਰ ਯਾਨੀ ਕਿ ਅੱਜ ਸ਼ੱਕੀ ਹਲਾਤਾਂ ’ਚ ਮੌਤ ਹੋ ਗਈ ਹੈ। ਦਿੱਲੀ ਸਥਿਤ ਆਰ. ਐੱਮ. ਐੱਲ. ਹਸਪਤਾਲ ਦੇ ਨੇੜੇ ਬਣੇ ਫਲੈਟ ਵਿਚ ਉਨ੍ਹਾਂ ਦੀ ਰਿਹਾਇਸ਼ ਹੈ। ਇਸੇ ਰਿਹਾਇਸ਼ ਵਿਚ 62 ਸਾਲਾ ਰਾਮਸਵਰੂਪ ਸ਼ਰਮਾ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ।
ਦਿੱਲੀ ਪੁਲਸ ਮੁਤਾਬਕ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਆਰ. ਐੱਮ. ਐੱਲ. ਹਸਪਤਾਲ ਕੋਲ ਗੋਤਮੀ ਅਪਾਰਟਮੈਂਟ ’ਚ ਭਾਜਪਾ ਸੰਸਦ ਮੈਂਬਰ ਰਾਮਸਵਰੂਪ ਸ਼ਰਮਾ ਨੇ ਖ਼ੁਦਕੁਸ਼ੀ ਕਰ ਲਈ ਹੈ। ਮੌਕੇ ’ਤੇ ਜਦੋਂ ਅਧਿਕਾਰੀ ਪਹੁੰਚੇ ਤਾਂ ਸੰਸਦ ਮੈਂਬਰ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ। ਅਜੇ ਖ਼ੁਦਕੁਸ਼ੀ ਦੇ ਪਿੱਛੇ ਦੀ ਵਜ੍ਹਾ ਸਾਫ਼ ਨਹੀਂ ਹੋਈ ਹੈ। ਪੁਲਸ ਜਾਂਚ ’ਚ ਜੁੱਟ ਗਈ ਹੈ। ਪੁਲਸ ਨੂੰ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ।
ਭਾਜਪਾ ਸੰਸਦ ਮੈਂਬਰ ਰਾਮਸਵਰੂਪ ਸ਼ਰਮਾ ਦਾ ਜਨਮ 10 ਜੂਨ 1958 ’ਚ ਮੰਡੀ ਜ਼ਿਲ੍ਹੇ ਦੇ ਜਲਪੇਹਰ ਪਿੰਡ ’ਚ ਹੋਇਆ ਸੀ। ਸ਼ਰਮਾ 2014 ਅਤੇ 2019 ’ਚ ਮੰਡੀ ਸੰਸਦੀ ਖੇਤਰ ਤੋਂ 16ਵੀਂ ਅਤੇ 17ਵੀਂ ਲੋਕ ਸਭਾ ਲਈ ਚੁਣੇ ਗਏ ਸਨ। ਉਹ ਲੰਬੇ ਸਮੇਂ ਤੱਕ ਰਾਸ਼ਟਰੀ ਸਵੈ-ਸੇਵਕ ਸੰਘ (ਆਰ. ਐੱਸ. ਐੱਸ.) ਨਾਲ ਜੁੜੇ ਰਹੇ। ਸੰਸਦ ਮੈਂਬਰ ਬਣਨ ਤੋਂ ਪਹਿਲਾਂ ਉਹ ਮੰਡੀ ਜ਼ਿਲ੍ਹੇ ਦੇ ਭਾਜਪਾ ਸਕੱਤਰ ਅਤੇ ਫਿਰ ਹਿਮਾਚਲ ਪ੍ਰਦੇਸ਼ ਭਾਜਪਾ ਦੇ ਸਕੱਤਰ ਸਨ।