ਮੰਦਰ ਦੇ ਗਰਭ ਗ੍ਰਹਿ ’ਚ ਜ਼ਬਰਦਸਤੀ ਦਾਖਲ ਹੋਣ ਦਾ ਮਾਮਲਾ : ਨਿਸ਼ੀਕਾਂਤ ਦੂਬੇ ਤੇ ਮਨੋਜ ਤਿਵਾੜੀ ਵਿਰੁੱਧ FIR ਦਰਜ
Saturday, Aug 09, 2025 - 12:07 AM (IST)

ਦੇਵਘਰ- ਦੇਵਘਰ ਸਥਿਤ ਵਿਸ਼ਵ ਪ੍ਰਸਿੱਧ ਬਾਬਾ ਬੈਦਨਾਥ ਧਾਮ ਮੰਦਰ ’ਚ ਨਿਯਮਾਂ ਦੀ ਉਲੰਘਣਾ ਕਰਨ ਅਤੇ ਜ਼ਬਰਦਸਤੀ ਗਰਭ ਗ੍ਰਹਿ ’ਚ ਦਾਖਲ ਹੋਣ ਦੇ ਦੋਸ਼ ’ਚ ਗੋਡਾ ਤੋਂ ਭਾਜਪਾ ਦੇ ਸੰਸਦ ਮੈਂਬਰ ਡਾ. ਨਿਸ਼ੀਕਾਂਤ ਦੂਬੇ ਅਤੇ ਉੱਤਰ-ਪੂਰਬੀ ਦਿੱਲੀ ਤੋਂ ਸੰਸਦ ਮੈਂਬਰ ਮਨੋਜ ਤਿਵਾੜੀ ਸਮੇਤ ਕਈ ਲੋਕਾਂ ਵਿਰੁੱਧ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਬਾਬਾ ਮੰਦਰ ਥਾਣੇ ’ਚ ਪਾਂਡਾ ਧਰਮ ਰਕਸ਼ਿਣੀ ਸਭਾ ਦੇ ਸਾਬਕਾ ਜਨਰਲ ਸਕੱਤਰ ਕਾਰਤਿਕ ਨਾਥ ਠਾਕੁਰ ਦੇ ਲਿਖਤੀ ਬਿਆਨ ’ਤੇ ਇਹ ਮਾਮਲਾ ਦਰਜ ਹੋਇਆ ਹੈ।
ਦੋਸ਼ ਹੈ ਕਿ 2 ਅਗਸਤ ਦੀ ਸ਼ਾਮ ਨੂੰ ਸੰਸਦ ਮੈਂਬਰ ਦੂਬੇ ਆਪਣੇ ਹਮਾਇਤੀਆਂ ਨਾਲ ਨਿਕਾਸੀ ਗੇਟ ਰਾਹੀਂ ਜ਼ਬਰਦਸਤੀ ਮੰਦਰ ’ਚ ਦਾਖਲ ਹੋ ਗਏ। ਇਸ ਦੌਰਾਨ ਡਿਊਟੀ ’ਤੇ ਤਾਇਨਾਤ ਪੁਲਸ ਮੁਲਾਜ਼ਮਾਂ ਨਾਲ ਧੱਕਾ-ਮੁੱਕੀ ਵੀ ਹੋਈ। ਐੱਫ. ਆਈ. ਆਰ. ’ਚ ਉਕਤ ਦੋਵਾਂ ਤੋਂ ਇਲਾਵਾ, ਕਨਿਸ਼ਕਾਂਤ ਦੂਬੇ, ਸਦਰੀ ਦੂਬੇ ਅਤੇ ਅਭਯਾਨੰਦ ਝਾਅ ਦੇ ਨਾਂ ਵੀ ਸ਼ਾਮਲ ਹਨ। ਸਾਰਿਆਂ ’ਤੇ ਧਾਰਮਿਕ ਪ੍ਰੰਪਰਾਵਾਂ ਦੀ ਉਲੰਘਣਾ, ਰੁਕਾਵਟ ਪੈਦਾ ਕਰਨ ਅਤੇ ਸਰਕਾਰੀ ਕੰਮਾਂ ’ਚ ਰੁਕਾਵਟ ਪਾਉਣ ਵਰਗੀਆਂ ਧਾਰਾਵਾਂ ਲਾਈਆਂ ਗਈਆਂ ਹਨ।