ਦਿੱਲੀ ’ਚ ਛਠ ਪੂਜਾ ਨੂੰ ਲੈ ਕੇ ਘਮਸਾਨ, ਪ੍ਰਦਰਸ਼ਨ ਦੌਰਾਨ ਜ਼ਖਮੀ ਹੋਏ ਭਾਜਪਾ ਸੰਸਦ ਮੈਂਬਰ ਮਨੋਜ ਤਿਵਾੜੀ
Wednesday, Oct 13, 2021 - 11:19 AM (IST)
ਨਵੀਂ ਦਿੱਲੀ– ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿਵਾਸ ਦੇ ਬਾਹਰ ਛਠ ਪੂਜਾ ’ਤੇ ਪਾਬੰਦੀ ਦੇ ਵਿਰੁੱਧ ਘਮਸਾਨ ਛਿੜ ਗਿਆ। ਮੰਗਲਵਾਰ ਨੂੰ ਭਾਰਤੀ ਜਨਤਾ ਪਾਰਟੀ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾੜੀ ਜ਼ਖਮੀ ਹੋ ਗਏ। ਮੰਗਲਵਾਰ ਨੂੰ ਵੱਡੀ ਗਿਣਤੀ ’ਚ ਭਾਜਪਾ ਨੇਤਾ ਅਤੇ ਕਾਰਕੁੰਨ ਇਸ ਵਿਰੋਧ ’ਚ ਸ਼ਾਮਲ ਹੋਏ, ਜਿਨ੍ਹਾਂ ਨੂੰ ਰੋਕਣ ਲਈ ਪੁਲਸ ਨੇ ਪਾਣੀ ਦੀਆਂ ਵਾਛੜਾਂ ਮਾਰੀਆਂ।
ਇਸ ਦੌਰਾਨ ਕਈ ਪ੍ਰਦਰਸ਼ਨਕਾਰੀਆਂ ਦੇ ਸੱਟਾਂ ਲੱਗੀਆਂ। ਤਿਵਾੜੀ ਧੱਕਾ-ਮੁੱਕੀ ਦੌਰਾਨ ਬੈਰੀਕੇਡਿੰਗ ’ਤੇ ਡਿੱਗ ਪਏ। ਉਨ੍ਹਾਂ ਦੇ ਕੰਨਾਂ ਤੇ ਪੈਰਾਂ ’ਚ ਸੱਟ ਲੱਗੀ। ਤਿਵਾੜੀ ਨੂੰ ਸਫਦਰਜੰਗ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ, ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਦਿੱਲੀ ਭਾਜਪਾ ਪ੍ਰਧਾਨ ਆਦੇਸ਼ ਗੁਪਤਾ ਨੇ ਲੱਖਾਂ ਪੂਰਵਾਂਚਲੀਆਂ ਵੱਲੋਂ ਮਨਾਏ ਜਾਣ ਵਾਲੇ ਛਠ ਤਿਓਹਾਰ ’ਤੇ ਪਾਬੰਦੀ ਲਈ ਕੇਜਰੀਵਾਲ ਸਰਕਾਰ ਦੀ ਨਿੰਦਾ ਕੀਤੀ।