1998 ’ਚ ਭਾਜਪਾ ਵਿਧਾਇਕ ਹੋਇਆ ਸੀ ਅਗਵਾ, ਨਰਿੰਦਰ ਮੋਦੀ ਨੇ ਇੰਝ ਬਣਾਈ ਸੀ ਸਰਕਾਰ

Friday, Dec 09, 2022 - 09:55 AM (IST)

1998 ’ਚ ਭਾਜਪਾ ਵਿਧਾਇਕ ਹੋਇਆ ਸੀ ਅਗਵਾ, ਨਰਿੰਦਰ ਮੋਦੀ ਨੇ ਇੰਝ ਬਣਾਈ ਸੀ ਸਰਕਾਰ

ਜਲੰਧਰ/ਨਵੀਂ ਦਿੱਲੀ (ਨੈਸ਼ਨਲ ਡੈਸਕ)- 1998 ਵਿਚ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਹੋਈਆਂ ਸਨ ਤਾਂ ਨਰਿੰਦਰ ਮੋਦੀ ਹਿਮਾਚਲ ਦੇ ਚੋਣ ਇੰਚਾਰਜ ਸਨ। ਉਸ ਦੌਰਾਨ ਭਾਜਪਾ ਅਤੇ ਕਾਂਗਰਸ ਦੋਹਾਂ ਪਾਰਟੀਆਂ ਨੂੰ ਬਹੁਮਤ ਨਹੀਂ ਮਿਲਿਆ ਸੀ। ਇਸ ਚੋਣ ਵਿਚ ਰਮੇਸ਼ ਧਵਾਲਾ ਟਿਕਟ ਨਾ ਮਿਲਣ ਕਾਰਨ ਭਾਜਪਾ ਤੋਂ ਬਗਾਵਤ ਕਰ ਬੈਠੇ ਸਨ। ਉਹ ਸਾਬਕਾ ਮੁੱਖ ਮੰਤਰੀ ਸ਼ਾਂਤਾ ਕੁਮਾਰ ਧੜੇ ਤੋਂ ਸਨ। ਰਮੇਸ਼ ਧਵਾਲਾ ਆਜ਼ਾਦ ਚੋਣਾਂ ਜਿੱਤੇ ਸਨ। 3 ਸੀਟਾਂ ’ਤੇ ਭਾਰੀ ਬਰਫ਼ਬਾਰੀ ਕਾਰਨ ਚੋਣਾਂ ਨਹੀਂ ਹੋਈਆਂ ਸਨ। ਕਾਂਗਰਸ 31 ਸੀਟਾਂ ’ਤੇ ਜਿੱਤੀ ਸੀ ਅਤੇ ਭਾਜਪਾ ਨੇ 29 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ। ਭਾਜਪਾ ਦੇ ਇਕ ਵਿਧਾਇਕ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਸੀ। ਸਰਕਾਰ ਬਣਾਉਣ ਲਈ 35 ਵਿਧਾਇਕਾਂ ਦੀ ਲੋੜ ਸੀ। ਇਸ ਦੌਰਾਨ ਭਾਜਪਾ ਤੋਂ ਬਾਗ਼ੀ ਹੋ ਕੇ ਬਣੇ ਵਿਧਾਇਕ ਰਮੇਸ਼ ਧਵਾਲਾ ਅਗਵਾ ਹੋ ਗਏ ਸਨ ਅਤੇ ਸਾਬਕਾ ਇੰਚਾਰਜ ਪੀ. ਐੱਮ. ਨਰਿੰਦਰ ਮੋਦੀ ਦੀ ਸਮਝਦਾਰੀ ਨਾਲ ਭਾਜਪਾ ਸਰਕਾਰ ਬਣੀ ਸੀ।

ਕੀ ਸਨ ਸਿਆਸੀ ਸਮੀਕਰਣ

ਸਰਕਾਰ ਬਣਾਉਣ ਦੀ ਜ਼ੋਰ-ਅਜ਼ਮਾਇਸ਼ ਜਾਰੀ ਸੀ। ਜੇ.ਪੀ. ਨੱਢਾ ਦੀ ਡਿਊਟੀ ਲਾਈ ਗਈ ਕਿ ਉਹ ਰਮੇਸ਼ ਧਵਾਲਾ ਨੂੰ ਮਨਾਉਣ। ਧਵਾਲਾ ਨੇ ਭਾਜਪਾ ਨੂੰ ਸਮਰਥਨ ਦੇਣ ਲਈ ਸ਼ਰਤ ਰੱਖ ਦਿੱਤੀ ਕਿ ਪ੍ਰੇਮ ਕੁਮਾਰ ਧੂਮਲ ਦੇ ਬਦਲੇ ਸ਼ਾਂਤਾ ਕੁਮਾਰ ਨੂੰ ਮੁੱਖ ਮੰਤਰੀ ਬਣਾਇਆ ਜਾਵੇ। ਪੰਡਿਤ ਸੁਖਰਾਮ ਦੀ ਹਿਮਾਚਲ ਵਿਕਾਸ ਕਾਂਗਰਸ ਨੇ ਭਾਜਪਾ ਨੂੰ ਹਮਾਇਤ ਦੇ ਦਿੱਤੀ। ਇਸ ਤਰ੍ਹਾਂ ਭਾਜਪਾ ਦੇ ਨਾਲ ਵੀ ਵਿਧਾਇਕਾਂ ਦੀ ਗਿਣਤੀ 32 ਹੋ ਗਈ। ਹਾਲਾਂਕਿ ਉਹ ਅਜੇ ਵੀ ਬਹੁਮਤ ਦੇ ਅੰਕੜੇ ਤੋਂ ਪਿੱਛੇ ਸੀ।

ਧਵਾਲਾ ਨੂੰ ਇਸ ਤਰ੍ਹਾਂ ਕੀਤਾ ਗਿਆ ਸੀ ਅਗਵਾ

ਦੂਜੇ ਪਾਸੇ ਚੋਣਾਂ ਤੋਂ ਪਹਿਲਾਂ ਮਰਹੂਮ ਸਾਬਕਾ ਸੀ. ਐੱਮ. ਵੀਰਭੱਦਰ ਸਿੰਘ ਨੂੰ ਭਰੋਸਾ ਸੀ ਕਿ ਉਹ ਸੱਤਾ ’ਚ ਮੁੜ ਵਾਪਸ ਆਉਣਗੇ ਪਰ ਨਤੀਜੇ ਅਨੁਕੂਲ ਨਹੀਂ ਆਏ ਸਨ। ਜਦੋਂ ਰਮੇਸ਼ ਧਵਾਲਾ ਸ਼ਿਮਲਾ ਵੱਲ ਆ ਰਹੇ ਸਨ ਤਾਂ ਉਨ੍ਹਾਂ ਨੂੰ ਇਕ ਤਰ੍ਹਾਂ ਨਾਲ ਅਗਵਾ ਕਰ ਲਿਆ ਗਿਆ। ਉਨ੍ਹਾਂ ਨੂੰ ਚੁੱਕ ਲਿਆ ਗਿਆ, ਫਿਰ ਅਚਾਨਕ ਪ੍ਰੈੱਸ ਕਾਨਫਰੰਸ ’ਚ ਧਵਾਲਾ ਨੇ ਦੱਸਿਆ ਕਿ ਉਹ ਵੀਰਭੱਦਰ ਸਿੰਘ ਨੂੰ ਆਪਣਾ ਸਮਰਥਨ ਦੇ ਰਹੇ ਹਨ। ਉਨ੍ਹਾਂ ਨੇ ਇਕ ਹੋਰ ਵਿਧਾਇਕ ਦੇ ਸਮਰਥਨ ਦਾ ਦਾਅਵਾ ਕੀਤਾ ਸੀ। ਵੀਰਭੱਦਰ ਸਿੰਘ ਸਾਬਕਾ ਰਾਜਪਾਲ ਰਮਾ ਦੇਵੀ ਕੋਲ ਜਾ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਰਾਤ 2 ਵਜੇ ਵਿਧਾਇਕਾਂ ਦੀ ਪਰੇਡ ਹੋਈ ਅਤੇ ਵੀਰਭੱਦਰ ਸਿੰਘ ਦੀ ਸਰਕਾਰ ਬਣ ਗਈ।

ਧਵਾਲਾ ਨੂੰ ਮਿਲਿਆ ਸੀ ਮੰਤਰੀ ਦਾ ਅਹੁਦਾ

ਸਰਕਾਰ ਜ਼ਰੂਰ ਬਣ ਗਈ ਪਰ ਖ਼ਤਰਾ ਮੰਡਰਾ ਰਿਹਾ ਸੀ ਕਿਉਂਕਿ ਸਮਰਥਨ ਦੇਣ ਵਾਲਾ ਵਿਧਾਇਕ ਭਾਜਪਾ ਦਾ ਬਾਗ਼ੀ ਸੀ। ਰਮੇਸ਼ ਧਵਾਲਾ ਨੂੰ ਸਰਕਾਰ ’ਚ ਮੰਤਰੀ ਦਾ ਅਹੁਦਾ ਦਿੱਤਾ ਗਿਆ। ਧਵਾਲਾ ਨੂੰ ਮੁੱਖ ਮੰਤਰੀ ਨਿਵਾਸ ’ਚ ਰੱਖਿਆ ਗਿਆ ਸੀ, ਇੰਨੀ ਸੁਰੱਖਿਆ ਸੀ ਕਿ ਉਹ ਨਾ ਤਾਂ ਕਿਸੇ ਨਾਲ ਗੱਲ ਕਰ ਸਕਦੇ ਸਨ ਅਤੇ ਨਾ ਹੀ ਕਿਸੇ ਨੂੰ ਮਿਲ ਸਕਦੇ ਸਨ। ਜਦੋਂ ਉਹ ਸਕੱਤਰੇਤ ਆਉਂਦੇ ਸਨ ਤਾਂ ਉਨ੍ਹਾਂ ਨਾਲ ਪੁਲਸ ਦੀ ਇਕ ਵੱਡੀ ਟੀਮ ਵੀ ਹੁੰਦੀ ਸੀ। ਇਹ ਸਾਰਾ 6 ਦਿਨ ਚੱਲਦਾ ਰਿਹਾ। ਕਿਸੇ ਵੀ ਤਰ੍ਹਾਂ ਦੇ ਦਬਾਅ ਵਾਲੇ ਸਵਾਲ ਨੂੰ ਉਹ ਖਾਰਿਜ ਕਰ ਦਿੰਦੇ ਸਨ।

ਨੈਪਕਿਨ ’ਤੇ ਭੇਜਿਆ ਸੰਦੇਸ਼, ਡਿੱਗ ਗਈ ਕਾਂਗਰਸ ਸਰਕਾਰ

ਫਿਰ ਨਰਿੰਦਰ ਮੋਦੀ ਨੇ ਪ੍ਰੈੱਸ ਕਾਨਫਰੰਸ ਕਰ ਕੇ ਕਿਹਾ ਕਿ ਰਮੇਸ਼ ਧਵਾਲਾ ਨੂੰ ਅਸੀਂ ਵਾਪਸ ਲਿਆਵਾਂਗੇ ਅਤੇ ਸੀ. ਐੱਮ. ਰਿਹਾਇਸ਼ ’ਤੇ ਇਕ ਵੇਟਰ ਰਾਹੀਂ ਨੈਪਕਿਨ ’ਤੇ ਰਮੇਸ਼ ਧਵਾਲਾ ਲਈ ਇਕ ਸੰਦੇਸ਼ ਭੇਜਿਆ ਗਿਆ। ਉਸ ਤੋਂ ਬਾਅਦ ਰਮੇਸ਼ ਧਵਾਲਾ ਨੂੰ ਸੀ. ਐੱਮ ਰਿਹਾਇਸ਼ ਤੋਂ ਕਿਵੇਂ ਕੱਢਣਾ ਹੈ ਸੰਦੇਸ਼ ਭੇਜਿਆ ਗਿਆ ਅਤੇ ਜਦੋਂ ਧਵਾਲਾ ਸਕੱਤਰੇਤ ਵੱਲ ਜਾ ਰਹੇ ਸਨ ਤਾਂ ਰਸਤੇ ’ਚ ਭਾਜਪਾ ਦੇ ਰਾਕੇਸ਼ ਪਠਾਨੀਆ ਇਕ ਗੱਡੀ ਲੈ ਕੇ ਆਏ ਅਤੇ ਧਵਾਲਾ ਉਸ ਗੱਡੀ ’ਚ ਬੈਠ ਕੇ ਚਲੇ ਗਏ। ਫਿਰ ਨਰਿੰਦਰ ਮੋਦੀ ਨੇ ਰਾਜਪਾਲ ਨੂੰ ਫੋਨ ਕਰ ਕੇ ਦੱਸਿਆ ਕਿ ਸਰਕਾਰ ਦਾ ਇਕ ਵਿਧਾਇਕ ਉਨ੍ਹਾਂ ਦਾ ਸਮਰਥਨ ਕਰ ਰਿਹਾ ਹੈ, ਇਸ ਲਈ ਭਾਜਪਾ ਨੂੰ ਸਰਕਾਰ ਬਣਾਉਣ ਲਈ ਬੁਲਾਇਆ ਜਾਵੇ। ਇਸ ਤਰ੍ਹਾਂ ਕਾਂਗਰਸ ਸਰਕਾਰ ਡਿੱਗ ਗਈ।


author

DIsha

Content Editor

Related News