ਭਾਜਪਾ ਵਿਧਾਇਕ ਸੁਰਿੰਦਰ ਬੋਲੇ- ...ਤਾਂ ਮਮਤਾ ਦਾ ਹਾਲ ਚਿਦਾਂਬਰਮ ਵਰਗਾ ਹੋਵੇਗਾ
Sunday, Sep 15, 2019 - 11:38 AM (IST)

ਬਲੀਆ (ਭਾਸ਼ਾ)— ਆਪਣੇ ਬਿਆਨਾਂ ਲਈ ਅਕਸਰ ਚਰਚਾ ਵਿਚ ਰਹਿਣ ਵਾਲੇ ਭਾਜਪਾ ਵਿਧਾਇਕ ਸੁਰਿੰਦਰ ਸਿੰਘ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ। ਸੁਰਿੰਦਰ ਨੇ ਮਮਤਾ 'ਤੇ ਵਿਦੇਸ਼ੀ ਤਾਕਤਾਂ ਦੇ ਜ਼ੋਰ 'ਤੇ ਰਾਜਨੀਤੀ ਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਉਹ ਆਪਣੀ ਭਾਸ਼ਾ ਬਦਲ ਦੇਵੇ, ਨਹੀਂ ਤਾਂ ਉਨ੍ਹਾਂ ਦਾ ਹਾਲ ਵੀ ਕਾਂਗਰਸ ਨੇਤਾ ਪੀ. ਚਿਦਾਂਬਰਮ ਵਰਗਾ ਹੀ ਹੋਵੇਗਾ। ਇੱਥੇ ਦੱਸ ਦੇਈਏ ਕਿ ਸੁਰਿੰਦਰ ਸਿੰਘ ਬਲੀਆ ਜ਼ਿਲੇ ਦੇ ਬੈਰੀਆ ਖੇਤਰ ਤੋਂ ਭਾਜਪਾ ਵਿਧਾਇਕ ਹਨ। ਬੈਰੀਆ ਵਿਚ ਦੋ ਦਿਨਾਂ ਖੇਤੀਬਾੜੀ ਮੇਲੇ ਦੇ ਸ਼ੁੱਭ ਆਰੰਭ ਪ੍ਰੋਗਰਾਮ ਤੋਂ ਬਾਅਦ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ 'ਤੇ ਜਮ ਕੇ ਸ਼ਬਦੀ ਵਾਰ ਕੀਤੇ।
ਉਨ੍ਹਾਂ ਨੇ ਪੱਛਮੀ ਬੰਗਾਲ ਵਿਚ ਰਾਸ਼ਟਰੀ ਨਾਗਰਿਕ ਰਜਿਸਟਰ (ਐੱਨ. ਆਰ. ਸੀ.) ਜ਼ਰੀਏ ਨਾਗਰਿਕਤਾ ਦੀ ਪੁਸ਼ਟੀ ਕਰਾਉਣ ਦੇ ਸਿਲਸਿਲੇ ਵਿਚ ਮਮਤਾ ਦੇ ਬਿਆਨ 'ਤੇ ਕਿਹਾ ਕਿ ਮਮਤਾ ਵਿਦੇਸ਼ੀ ਤਾਕਤਾਂ ਦੇ ਜ਼ੋਰ 'ਤੇ ਰਾਜਨੀਤੀ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਮਮਤਾ ਭੁੱਲ ਜਾਂਦੀ ਹੈ ਕਿ ਹੁਣ ਉਨ੍ਹਾਂ ਦੇ ਬੁਰੇ ਦਿਨ ਆਉਣ ਵਾਲੇ ਹਨ। ਜੇਕਰ ਮਮਤਾ ਨੂੰ ਬੰਗਲਾਦੇਸ਼ੀ ਘੁਸਪੈਠੀਆਂ ਦੇ ਜ਼ੋਰ 'ਤੇ ਹੀ ਰਾਜਨੀਤੀ ਕਰਨੀ ਹੈ ਤਾਂ ਉਨ੍ਹਾਂ ਨੂੰ ਬੰਗਲਾਦੇਸ਼ ਦਾ ਪ੍ਰਧਾਨ ਮੰਤਰੀ ਬਣਨਾ ਚਾਹੀਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਬੰਗਾਲ 'ਚ ਭਗਵਾਨ ਰਾਮ ਅਤੇ ਹਨੂੰਮਾਨ ਦੇ ਰੂਪ ਵਿਚ ਅਮਿਤ ਸ਼ਾਹ ਅਤੇ ਯੋਗੀ ਆਦਿਤਿਆਨਾਥ ਦਾ ਪ੍ਰਵੇਸ਼ ਹੋ ਗਿਆ ਹੈ। ਅਗਲੀਆਂ ਵਿਧਾਨ ਸਭਾ ਚੋਣਾਂ 'ਚ ਉੱਥੇ ਸੱਤਾ ਪਰਿਵਰਤਨ ਨਿਸ਼ਚਿਤ ਹੈ।