ਭਾਜਪਾ ਵਿਧਾਇਕ ਨੂੰ ਪਾਕਿਸਤਾਨ ਤੋਂ ਮਿਲੀ ਜਾਨ ਤੋਂ ਮਾਰਨ ਦੀ ਧਮਕੀ, ਵਟਸਐਪ ’ਤੇ ਭੇਜੇ ਗਏ ਸੰਦੇਸ਼

Monday, Feb 01, 2021 - 12:58 PM (IST)

ਲਖਨਊ— ਉੱਤਰ ਪ੍ਰਦੇਸ਼ ਦੀ ਇਟਾਵਾ ਸਦਰ ਤੋਂ ਭਾਜਪਾ ਵਿਧਾਇਕ ਸਰਿਤਾ ਭਦੌਰੀਆ ਨੂੰ ਪਾਕਿਸਤਾਨ ਦੇ ਮੋਬਾਇਲ ਨੰਬਰ ਤੋਂ ਜਾਨ ਤੋਂ ਮਾਰਨ ਧਮਕੀ ਮਿਲੀ ਹੈ। ਪਾਕਿਸਤਾਨ ਦੇ ਮੋਬਾਇਲ ਨੰਬਰ ਤੋਂ ਭੇਜੇ ਗਏ ਵਟਸਐਪ ਸੰਦੇਸ਼ਾਂ ’ਚ ਖ਼ੁਦ ਨੂੰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਤੇ ਰਾਸ਼ਟਰੀ ਸਵੈ-ਸੇਵਕ ਸੰਘ (ਆਰ. ਐੱਸ. ਐੱਸ.) ਦੇ ਸੀਨੀਅਰ ਨੇਤਾਵਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਓਧਰ ਇਟਾਵਾ ਦੇ ਸੀਨੀਅਰ ਪੁਲਸ ਅਧਿਕਾਰੀ ਆਕਾਸ਼ ਤੋਮਰ ਨੇ ਦੱਸਿਆ ਕਿ ਭਾਜਪਾ ਵਿਧਾਇਕ ਸਰਿਤਾ ਭਦੌਰੀਆ ਨੂੰ ਵਟਸਐਪ ’ਤੇ ਕੁਝ ਸੰਦੇਸ਼ ਭੇਜੇ ਗਏ ਹਨ। ਮੈਂ ਉਹ ਸੰਦੇਸ਼ ਵੇਖੇ ਹਨ, ਜੋ ਪਾਕਿਸਤਾਨ ਦੇ ਕਿਸੇ ਮੋਬਾਈਲ ਨੰਬਰ ਤੋਂ ਭੇਜੇ ਗਏ ਹਨ। ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਅਤੇ ਵਿਧਾਇਕ ਦੀ ਸੁਰੱਖਿਆ ਯਕੀਨੀ ਬਣਾ ਰਹੇ ਹਾਂ।

ਵਿਧਾਇਕ ਸਰਿਤਾ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਨੂੰ ਪਾਕਿਸਤਾਨੀ ਖ਼ੁਫੀਆ ਏਜੰਸੀ ਆਈ. ਐੱਸ. ਆਈ. ਦੇ ਲੋਗੋ ਯੁਕਤ 8 ਸੰਦੇਸ਼ ਮਿਲੇ ਹਨ। ਇਹ ਸੰਦੇਸ਼ ਸ਼ਨੀਵਾਰ ਰਾਤ ਤੋਂ ਐਤਵਾਰ ਸਵੇਰ ਤੱਕ ਭੇਜੇ ਗਏ ਹਨ। ਪੁਲਸ ਮੁਤਾਬਕ ਵਿਧਾਇਕ ਨੂੰ ਪਹਿਲਾ ਸੰਦੇਸ਼ ਸ਼ਨੀਵਾਰ ਰਾਤ ਕਰੀਬ 11 ਵਜੇ ਭੇਜਿਆ ਗਿਆ। ਉਸ ਤੋਂ ਬਾਅਦ ਐਤਵਾਰ ਸਵੇਰ ਤੱਕ ਉਨ੍ਹਾਂ ਨੂੰ ਮਿਲੇ ਬਾਕੀ ਸੰਦੇਸ਼ਾਂ ’ਚ ਖ਼ੁਦ ਉਨ੍ਹਾਂ ਨੂੰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਤੇ ਆਰ. ਐੱਸ. ਐੱਸ. ਦੇ ਸੀਨੀਅਰ ਅਧਿਕਾਰੀਆਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਦੱਸ ਦੇਈਏ ਕਿ ਸਰਿਤਾ ਭਦੌਰੀਆ ਨੇ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਜਿੱਤ ਹਾਸਲ ਕੀਤੀ ਸੀ। ਉਹ ਸਾਲ 1999 ’ਚ ਆਪਣੇ ਪਤੀ ਅਭੈ ਵੀਰ ਸਿੰਘ ਭਦੌਰੀਆ ਦੇ ਕਤਲ ਮਗਰੋਂ ਸਿਆਸਤ ਵਿਚ ਆਈ ਸੀ। ਸਰਿਤਾ ਦਾ ਕਹਿਣਾ ਹੈ ਕਿ ਉਹ ਅਜਿਹੀਆਂ ਧਮਕੀਆਂ ਤੋਂ ਡਰਨ ਵਾਲੀ ਨਹੀਂ ਹੈ ਅਤੇ ਉਹ ਜਨਤਾ ਦੇ ਹਿੱਤ ਲਈ ਸੰਘਰਸ਼ ਜਾਰੀ ਰੱਖੇਗੀ।


Tanu

Content Editor

Related News