ਸੋਨੀਆ ਗਾਂਧੀ ਨੂੰ ‘ਵਿਸ਼ਕੰਨਿਆ’ ਕਹਿਣ ''ਤੇ ਭੜਕੇ ਕਾਂਗਰਸੀ ਨੇਤਾ, ਯਤਨਾਲ ਨੂੰ ਪਾਰਟੀ ''ਚੋਂ ਕੱਢਣ ਦੀ ਕੀਤੀ ਮੰਗ
Saturday, Apr 29, 2023 - 01:00 PM (IST)

ਨਵੀਂ ਦਿੱਲੀ, (ਭਾਸ਼ਾ)- ਸੋਨੀਆ ਗਾਂਧੀ ਨੂੰ ਲੈ ਕੇ ਬਸਨਗੌੜਾ ਪਾਟਿਲ ਯਤਨਾਲ ਦੇ ਬਿਆਨ ਤੋਂ ਬਾਅਦ ਕਾਂਗਰਸ ਨੇਤਾਵਾਂ ਨੇ ਭਾਜਪਾ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਕਾਂਗਰਸ ਨੇ ਯਤਨਾਲ ਨੂੰ ਪਾਰਟੀ ਵਿੱਚੋਂ ਕੱਢਣ ਦੀ ਮੰਗ ਕੀਤੀ ਹੈ।
ਪਾਰਟੀ ਦੇ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੂੰ ਯਤਨਾਲ ਦੀ ਭੱਦੀ ਟਿੱਪਣੀ ਲਈ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਭਾਜਪਾ ਆਗੂ ਆਪਣਾ ਮਾਨਸਿਕ ਅਤੇ ਸਿਆਸੀ ਸੰਤੁਲਨ ਗੁਆ ਚੁੱਕੇ ਹਨ ਕਿਉਂਕਿ ਕਰਨਾਟਕ ਵਿੱਚ ਭਾਜਪਾ ਦੀ ਹਾਰ ਯਕੀਨੀ ਜਾਪਦੀ ਹੈ।
ਸੁਰਜੇਵਾਲਾ ਨੇ ਦਾਅਵਾ ਕੀਤਾ, ‘ਨਿਮਰਤਾ ਅਤੇ ਸਿਆਸੀ ਸ਼ੁੱਧਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਭਾਜਪਾ ਨੇਤਾ ਅਤੇ ਮੋਦੀ ਜੀ ਦੇ ਚਹੇਤੇ ਬਸਨਾਗੌੜਾ ਪਾਟਿਲ ਯਤਨਾਲ ਨੇ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੂੰ ‘ਵਿਸ਼ਕੰਨਿਆ’ ਅਤੇ ‘ਚੀਨ ਅਤੇ ਪਾਕਿਸਤਾਨ ਦਾ ਏਜੰਟ’ ਕਹਿ ਕੇ ਭਾਜਪਾ ਦੇ ਅਸਲ ਕਿਰਦਾਰ ਨੂੰ ਬੇਨਕਾਬ ਕੀਤਾ ਹੈ।’ ਉਨ੍ਹਾਂ ਦੋਸ਼ ਲਾਇਆ ਕਿ ਯਤਨਾਲ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਮੁੱਖ ਮੰਤਰੀ ਬਸਵਰਾਜ ਬੋਮਈ ਦੇ ਇਸ਼ਾਰੇ ’ਤੇ ਇਹ ਟਿੱਪਣੀਆਂ ਕੀਤੀਆਂ ਹਨ।
ਸੁਰਜੇਵਾਲਾ ਨੇ ਦਾਅਵਾ ਕੀਤਾ, ‘ਭਾਜਪਾ ਲੀਡਰਸ਼ਿਪ ਨੇ ਨਹਿਰੂ-ਗਾਂਧੀ ਪਰਿਵਾਰ ਨੂੰ ਗਾਲ੍ਹਾਂ ਕੱਢਣ ਦੀ ਆਦਤ ਬਣਾ ਲਈ ਹੈ। ਉਹ ਸਾਬਕਾ ਪ੍ਰਧਾਨ ਮੰਤਰੀ ਦੀ ਪਤਨੀ ਹੈ ਅਤੇ ਕਰਨਾਟਕ ਉਨ੍ਹਾਂ ਦੇ ਖਿਲਾਫ ਇਨ੍ਹਾਂ ਅਸ਼ਲੀਲ ਸ਼ਬਦਾਂ ਨੂੰ ਕਦੇ ਮੁਆਫ ਨਹੀਂ ਕਰੇਗਾ।’
ਕਾਂਗਰਸ ਸੰਗਠਨ ਦੇ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਨੇ ਟਵੀਟ ਕੀਤਾ, ‘ਹਰ ਚੋਣ ਵਿੱਚ ਉਹ ਸੋਨੀਆ ਗਾਂਧੀ ਜੀ ਦਾ ਅਪਮਾਨ ਕਰਨ ਲਈ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਦੇ ਹਨ। ਭਾਜਪਾ ਲਗਾਤਾਰ ਹੇਠਲੇ ਪੱਧਰ ’ਤੇ ਡਿੱਗ ਰਹੀ ਹੈ।’
ਭਾਜਪਾ ਦਾ ਨਵਾਂ ਰੂਪ ਸਾਹਮਣੇ ਆ ਰਿਹਾ : ਗਹਿਲੋਤ
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਰਨਾਟਕ ’ਚ ਭਾਰਤੀ ਜਨਤਾ ਪਾਰਟੀ ਦੇ ਇਕ ਆਗੂ ਵੱਲੋਂ ਸੋਨੀਆ ਗਾਂਧੀ ਖ਼ਿਲਾਫ਼ ਕੀਤੀ ਗਈ ਟਿੱਪਣੀ ਨੂੰ ਸਿਆਸਤ ’ਚ ਗਿਰਾਵਟ ਦਾ ਪ੍ਰਤੀਕ ਦੱਸਦੇ ਹੋਏ ਕਿਹਾ ਕਿ ਭਾਜਪਾ ਦਾ ਇਕ ਨਵਾਂ ਰੂਪ ਸਾਹਮਣੇ ਆ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਅਜਿਹੀ ਟਿੱਪਣੀ ਕਰਨ ਵਾਲੇ ਆਗੂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਗਹਿਲੋਤ ਨੇ ਕਿਹਾ, ਇੰਨੀ ਗਿਰਾਵਟ ਆ ਰਹੀ ਹੈ ਰਾਜਨੀਤੀ ਦੇ ਅੰਦਰ। ਜਿਨ੍ਹਾਂ ਸੋਨੀਆ ਗਾਂਧੀ ਨੂੰ ਲੈ ਕੇ ਅੱਜ ਪੂਰੇ ਦੇਸ਼ ’ਚ ਪਾਰਟੀਆਂ ਅਤੇ ਵਿਰੋਧੀ ਧਿਰਾਂ ਸਾਰਿਆਂ ’ਚ ਇਕ ਹੈ, ਉਨ੍ਹਾਂ ਬਾਰੇ ਇਸ ਪ੍ਰਕਾਰ ਦੀ ਘਟੀਆ ਹਰਕਤਾਂ ਕਰਨਾ ਅਤੇ ਅਜਿਹਾ ਬਿਆਨ ਦੇਣਾ, ਮੈਨੂੰ ਲੱਗਦਾ ਹੈ ਕਿ ਇਹ ਭਾਜਪਾ ਦਾ ਇਕ ਨਵਾਂ ਰੂਪ ਸਾਹਮਣੇ ਆ ਰਿਹਾ ਹੈ।
ਅਸ਼ੋਕ ਗਹਿਲੋਤ ਨੇ ਕਿਹਾ, ਮੈਨੂੰ ਲੱਗਦਾ ਹੈ ਕਿ ਇਨ੍ਹਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਰਹੀ ਹੈ ਕਰਨਾਟਕ ਨਾਲ। ਉਸ ਜਨੂੰਨ ਕਾਰਨ ਹੀ ਇਹ ਹਾਲਤ ਹੋਈ ਹੈ, ਪ੍ਰਧਾਨ ਮੰਤਰੀ ਮੋਦੀ ਜੀ, ਉਨ੍ਹਾਂ ’ਤੇ ਅਸੀਂ ਜੇਕਰ ਕੋਈ ਟਿੱਪਣੀ ਕਰਦੇ ਹਾਂ ਤਾਂ ਉਹ ਚੋਣ ਜਿੱਤਣ ਲਈ ਜਨਤਾ ਦੇ ਸਾਹਮਣੇ ਉਸ ਨੂੰ ਤੋੜ-ਮਰੋੜ ਕੇ ਪੇਸ਼ ਕਰਦੇ ਹਨ। ਅਸੀਂ ਕਈ ਵਾਰ ਅਜਿਹਾ ਦੇਖਿਆ ਹੈ। ਗਹਿਲੋਤ ਨੇ ਕਿਹਾ, ਮੈਂ ਇਸ ਬਾਰੇ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਖੁਦ ਪੱਤਰ ਲਿਖਾਂਗਾ ਅਤੇ ਸੂਬੇ ਦੇ ਸਾਰੇ ਕਾਂਗਰਸੀਆਂ ਦੀਆਂ ਭਾਵਨਾਵਾਂ ਤੋਂ ਉਨ੍ਹਾਂ ਨੂੰ ਜਾਣੂ ਕਰਵਾਂਗਾ। ਅਸੀਂ ਇੰਤਜ਼ਾਰ ਕਰਾਂਗੇ ਅਤੇ ਦੇਖਾਂਗੇ ਕਿ ਉਹ ਅਜਿਹੇ ਲੋਕਾਂ ਖਿਲਾਫ ਕੀ ਕਾਰਵਾਈ ਕਰਦੇ ਹਨ?