ਭਾਜਪਾ ਦਾ ਮਿਸ਼ਨ 2024 : ਹੁਣ ਖੇਤਰੀ ਦਲਾਂ ਨਾਲ ਗਠਜੋੜ ਲਈ ਹੋ ਰਹੀ ਕੋਸ਼ਿਸ਼
Tuesday, Sep 06, 2022 - 12:18 PM (IST)
ਨਵੀਂ ਦਿੱਲੀ– ਭਾਜਪਾ ਲੀਡਰਸ਼ਿਪ ਖੇਤਰੀ ਦਲਾਂ ਪ੍ਰਤੀ ਆਪਣੀ ਰਣਨੀਤੀ ਫਿਰ ਤੋਂ ਤਿਆਰ ਕਰ ਰਹੀ ਹੈ। ਹੁਣ ਉਸ ਨੇ ਉਨ੍ਹਾਂ ’ਤੇ ਹਮਲਾ ਕਰਨ ਦੀ ਬਜਾਏ 2024 ਦੀਆਂ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਲੁਭਾਉਣਾ ਸ਼ੁਰੂ ਕਰ ਦਿੱਤਾ ਹੈ। ਕੁਝ ਦਿਨ ਪਹਿਲਾਂ ਤੱਕ ਭਾਜਪਾ ਪ੍ਰਧਾਨ ਜੇ. ਪੀ. ਨੱਢਾ ਉਨ੍ਹਾਂ ’ਤੇ ਇਹ ਕਹਿੰਦੇ ਹੋਏ ਹਮਲਾ ਕਰ ਰਹੇ ਸਨ ਕਿ ਉਹ ਵੰਸ਼ਵਾਦ (ਪਰਿਵਾਰਵਾਦ) ਦੀ ਸਿਆਸਤ ਕਰਦੇ ਹਨ ਅਤੇ ਭ੍ਰਿਸ਼ਟ ਹਨ ਪਰ ਹੁਣ ਉਹ ਆਂਧਰ ’ਚ ਟੀ. ਡੀ. ਪੀ. ਦੇ ਚੰਦਰਬਾਬੂ ਨਾਇਡੂ ਨਾਲ ਗਠਜੋੜ ਕਰਨਾ ਚਾਹੁੰਦੀ ਹੈ।
ਪ੍ਰਧਾਨ ਮੰਤਰੀ ਨੇ ਨਾਇਡੂ ਨਾਲ ਇਕ ਸੰਖੇਪ ਬੈਠਕ ਕੀਤੀ ਸੀ, ਜਿਸ ਤੋਂ ਬਾਅਦ ਗਠਜੋੜ ਦੀ ਰੂਪ ਰੇਖਾ ’ਤੇ ਚਰਚਾ ਕਰਨ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਉਨ੍ਹਾਂ ਦੇ ਬੇਟੇ ਨਾਰਾ ਲੋਕੇਸ਼ ਦੀ ਬੈਠਕ ਹੋਈ। ਟੀ. ਡੀ. ਪੀ. ਨੇ ਰਾਸ਼ਟਰਪਤੀ ਚੋਣ ’ਚ ਰਾਜਗ ਉਮੀਦਵਾਰ ਦਾ ਸਮਰਥਨ ਕੀਤਾ ਸੀ। ਭਾਜਪਾ ਸੱਤਾਧਾਰੀ ਵਾਈ. ਐੱਸ. ਆਰ. ਸੀ. ਪੀ. ਨਾਲ ਗਠਜੋੜ ਲਈ ਉਤਸੁਕ ਸੀ ਪਰ ਵਾਈ. ਐੱਸ. ਆਰ. ਸੀ. ਪੀ. ਆਪਣੀਆਂ ਸਿਆਸੀ ਮਜਬੂਰੀਆਂ ਕਾਰਨ ਚਾਹਵਾਨ ਨਹੀਂ ਸੀ।
ਹਰਿਆਣਾ ’ਚ ਦੇਵੀਲਾਲ ਪਰਿਵਾਰ ਦੇ ਵੱਖ-ਵੱਖ ਧੜਿਆਂ ਨੂੰ ਇਕੱਠੇ ਕਰਨ ਲਈ ਉਹ ਜੀ-ਤੋੜ ਮਿਹਨਤ ਕਰ ਰਹੀ ਹੈ। 2 ਧੜੇ; ਦੁਸ਼ਯੰਤ ਚੌਟਾਲਾ ਦੀ ਅਗਵਾਈ ਵਾਲੀ ਜਜਪਾ ਅਤੇ ਰਣਜੀਤ ਕੁਮਾਰ ਪਹਿਲਾਂ ਤੋਂ ਹੀ ਰਾਜਗ ਦਾ ਹਿੱਸਾ ਹਨ ਪਰ ਭਾਜਪਾ ਚਾਹੁੰਦੀ ਹੈ ਕਿ ਅਭੈ ਚੌਟਾਲਾ ਦੀ ਅਗਵਾਈ ਵਾਲੀ ਇਨੈਲੋ ਵੀ ਭੁਪਿੰਦਰ ਸਿੰਘ ਹੁੱਡਾ ਦੀ ਅਗਵਾਈ ਵਾਲੀ ਕਾਂਗਰਸ ਨੂੰ ਇਕਜੁੱਟ ਟੱਕਰ ਦੇਣ ਲਈ ਇਕ ਵੱਡੇ ਗਠਜੋੜ ਦਾ ਹਿੱਸਾ ਬਣੇ।
ਉੱਧਰ ਲੋਜਪਾ ਦੇ 2 ਧੜਿਆਂ ਵਿਚਾਲੇ ਵੀ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ’ਚ ਇਕ ਦੀ ਅਗਵਾਈ ਕੇਂਦਰੀ ਮੰਤਰੀ ਪਸ਼ੁਪਤੀ ਪਾਰਸ ਅਤੇ ਦੂਜੇ ਦੀ ਅਗਵਾਈ ਲੋਕ ਸਭਾ ਦੇ ਸੰਸਦ ਮੈਂਬਰ ਚਿਰਾਗ ਪਾਸਵਾਨ, ਜੋ ਰਾਮਵਿਲਾਸ ਪਾਸਵਾਨ ਦੇ ਪੁੱਤਰ ਹਨ, ਕਰ ਰਹੇ ਹਨ।
ਤਾਮਿਲਨਾਡੂ ’ਚ ਪਲਾਨੀਸਵਾਮੀ ਅਤੇ ਪਨੀਰਸੇਲਵਮ ਧੜਿਆਂ ਨੂੰ ਇਕੱਠੇ ਕਰਨ ਲਈ ਵੀ ਭਾਜਪਾ ਮਿਹਨਤ ਕਰ ਰਹੀ ਹੈ, ਹਾਲਾਂਕਿ ਪਲਾਨੀਸਵਾਮੀ ਗੁੱਟ ਨੇ ਕਾਨੂੰਨੀ ਲੜਾਈ ਜਿੱਤ ਲਈ ਹੈ। ਭਾਜਪਾ ਨੇ ਮਹੱਤਵਪੂਰਨ ਸੂਬਿਆਂ ਆਂਧਰ ਪ੍ਰਦੇਸ਼, ਬਿਹਾਰ, ਤਾਮਿਲਨਾਡੂ ਅਤੇ ਹਰਿਆਣਾ ’ਚ ਆਪਣੀ ਰਣਨੀਤੀ ’ਚ ਤਬਦੀਲੀ ਕੀਤੀ ਹੈ ਕਿਉਂਕਿ ਇਸ ਦੀ ਲੀਡਰਸ਼ਿਪ ਨੇ ਉਭਰਦੇ ਖਤਰੇ ਨੂੰ ਸਮਝ ਲਿਆ ਹੈ। ਪ੍ਰਧਾਨ ਮੰਤਰੀ ਨੇ ਹਾਲ ਹੀ ’ਚ ਕੇਰਲ ’ਚ ਕਿਹਾ ਸੀ ਕਿ ਸਾਰੀਆਂ ਭ੍ਰਿਸ਼ਟ ਵਿਰੋਧੀ ਪਾਰਟੀਆਂ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਵਿਰੁੱਧ ਇਕਜੁੱਟ ਹੋਣ ਦੀ ਕੋਸ਼ਿਸ਼ ਕਰ ਰਹੀਆਂ ਹਨ।
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾ ਸਿਰਫ ਸੂਬੇ ’ਚ ਸਗੋਂ ਬਾਹਰ ਵੀ ਭਾਜਪਾ ਵਿਰੁੱਧ ਇਕ ਸੰਭਾਵੀ ਚਿਹਰਾ ਹਨ। ਨਿਤੀਸ਼ ਕੁਮਾਰ ਨੇ ਅਸਲ ’ਚ ‘ਪ੍ਰਦੇਸ਼ ਮੇਂ ਦਿਖਾ, ਦੇਸ਼ ’ਚ ਦਿਖੇਗਾ’ ਵਰਗੇ ਨਾਰਿਆਂ ਨਾਲ ਵੱਡੇ ਪੋਸਟਰਾਂ ਦੇ ਪ੍ਰਦਰਸ਼ਨ ਰਾਹੀਂ ਆਪਣੀ ਪਾਰਟੀ ਦੀ ਰਾਸ਼ਟਰੀ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਲਈ ਭਾਜਪਾ ਨੇ ਆਪਣੀ ਰਣਨੀਤੀ ਬਦਲ ਦਿੱਤੀ ਅਤੇ ਉਹ ਸੂਬਿਆਂ ’ਚ ਸਹਿਯੋਗੀਆਂ ਨੂੰ ਲੁਭਾ ਰਹੀ ਹੈ।