ਪੁਲਸ ਦੀ ਮੌਜੂਦਗੀ ''ਚ ਭਾਜਪਾ ਆਗੂ ਦੇ ਬੇਟੇ ਕ...ਤਲ, ਸਨਸਨੀਖੇਜ਼ ਵਾਰਦਾਤ ਤੋਂ ਬਾਅਦ ਪਈਆਂ ਭਾਜੜਾਂ
Monday, Nov 18, 2024 - 09:44 PM (IST)
ਨੈਸ਼ਨਲ ਡੈਸਕ : ਗੁਜਰਾਤ ਦੇ ਵਡੋਦਰਾ ਸ਼ਹਿਰ ਦੇ ਇਕ ਸਰਕਾਰੀ ਹਸਪਤਾਲ ਕੰਪਲੈਕਸ 'ਚ ਇਕ ਅਪਰਾਧੀ ਅਤੇ ਉਸ ਦੇ 8 ਸਾਥੀਆਂ ਨੇ ਕਥਿਤ ਤੌਰ 'ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਾਬਕਾ ਕੌਂਸਲਰ ਦੇ ਪੁੱਤਰ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਵਡੋਦਰਾ ਦੇ ਪੁਲਸ ਕਮਿਸ਼ਨਰ ਨਰਸਿਮ੍ਹਾ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਐਤਵਾਰ ਦੇਰ ਰਾਤ ਨੂੰ ਵਾਪਰੀ ਇਸ ਘਟਨਾ ਦੇ ਮੁੱਖ ਦੋਸ਼ੀ ਬਾਬਰ ਪਠਾਨ ਅਤੇ ਉਸ ਦੇ ਪੰਜ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਤਿੰਨ ਹੋਰਾਂ ਨੂੰ ਫੜਨ ਲਈ ਅੱਠ ਟੀਮਾਂ ਬਣਾਈਆਂ ਗਈਆਂ ਹਨ। ਪੁਲਸ ਅਨੁਸਾਰ ਪਠਾਨ ਅਤੇ ਉਸ ਦੇ ਗਰੋਹ ਨੇ ਤਪਨ ਪਰਮਾਰ (35) ’ਤੇ ਉਸ ਵੇਲੇ ਹਮਲਾ ਕੀਤਾ ਜਦੋਂ ਉਹ ਆਪਣੇ ਦੋਸਤਾਂ ਨੂੰ ਮਿਲਣ ਆਇਆ ਹੋਇਆ ਸੀ। ਮੁਲਜ਼ਮਾਂ ਨਾਲ ਝਗੜੇ ਵਿੱਚ ਉਸਦੇ ਦੋਸਤਾਂ ਨੂੰ ਸੱਟਾਂ ਲੱਗੀਆਂ ਅਤੇ ਐਤਵਾਰ ਰਾਤ ਨੂੰ ਸਰ ਸਯਾਜੀਰਾਓ ਜਨਰਲ (ਐੱਸਐੱਸਜੀ) ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਪੁਲਸ ਨੇ ਦੱਸਿਆ ਕਿ ਨਾਗਰਵਾੜਾ ਇਲਾਕੇ ਦਾ ਰਹਿਣ ਵਾਲਾ ਤਪਨ ਭਾਜਪਾ ਦੇ ਸਾਬਕਾ ਕੌਂਸਲਰ ਰਮੇਸ਼ ਪਰਮਾਰ ਦਾ ਪੁੱਤਰ ਸੀ ਅਤੇ ਹਮਲੇ ਵੇਲੇ ਉਹ ਵੀ ਹਸਪਤਾਲ ਵਿੱਚ ਸੀ। ਰਾਓਪੁਰਾ ਥਾਣੇ ਵਿੱਚ ਦਰਜ ਐੱਫਆਈਆਰ ਅਨੁਸਾਰ ਰਾਤ ਕਰੀਬ 9.30 ਵਜੇ ਤਪਨ ਨੂੰ ਪਤਾ ਲੱਗਾ ਕਿ ਨਾਗਰਵਾੜਾ ਵਾਸੀ ਪਠਾਨ ਅਤੇ ਉਸ ਦੇ ਦੋਸਤਾਂ ਦਿਵਿਆਂਗ ਪਰਮਾਰ ਅਤੇ ਉਸ ਦੇ ਭਰਾ ਵਿਕਰਮ ਵਿਚਕਾਰ ਲੜਾਈ ਹੋਈ ਹੈ। ਐੱਫਆਈਆਰ ਮੁਤਾਬਕ ਪਠਾਨ ਨੇ ਨਾਗਰਵਾੜਾ 'ਚ ਲੜਾਈ ਦੌਰਾਨ ਪਰਮਾਰ ਭਰਾਵਾਂ 'ਤੇ ਚਾਕੂ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਕੁਮਾਰ ਨੇ ਕਿਹਾ, “ਤਪਨ ਆਪਣੇ ਦੋਸਤਾਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਹਸਪਤਾਲ ਆਇਆ। ਇਸ ਦੌਰਾਨ ਪਠਾਨ ਨੇ ਕਰੇਲੀਬਾਗ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਕਿ ਨਾਗਰਵਾੜਾ 'ਚ ਕੁਝ ਲੋਕਾਂ ਨੇ ਉਸ 'ਤੇ ਹਮਲਾ ਕੀਤਾ।
ਪੁਲਸ ਨੂੰ ਗੁੰਮਰਾਹ ਕਰਨ ਲਈ, ਉਸਨੇ ਦਿਵਿਆਂਗ ਅਤੇ ਵਿਕਰਮ ਨਾਲ ਝਗੜੇ ਬਾਰੇ ਕੁਝ ਨਹੀਂ ਦੱਸਿਆ। ਉਨ੍ਹਾਂ ਕਿਹਾ ਕਿ ਕਰੀਲੀਬਾਗ ਦੀ ਪੁਲਸ ਨੂੰ ਵੀ ਪਠਾਨ ਵੱਲੋਂ ਦੋ ਵਿਅਕਤੀਆਂ ’ਤੇ ਕੀਤੇ ਹਮਲੇ ਬਾਰੇ ਪਤਾ ਨਹੀਂ ਸੀ ਕਿਉਂਕਿ ਐੱਸਐੱਸਜੀ ਹਸਪਤਾਲ ਵੱਲੋਂ ਜ਼ਖ਼ਮੀਆਂ ਬਾਰੇ ਕੋਈ ਸੁਨੇਹਾ ਨਹੀਂ ਸੀ। ਅਧਿਕਾਰੀ ਨੇ ਦੱਸਿਆ ਕਿ ਪੁਲਸ ਨਾਲ ਗੱਲ ਕਰਦੇ ਹੋਏ ਪਠਾਨ ਨੇ ਬੇਚੈਨੀ ਅਤੇ ਉਲਟੀਆਂ ਦੀ ਸ਼ਿਕਾਇਤ ਕੀਤੀ ਅਤੇ ਉਸਨੂੰ ਜਾਂਚ ਲਈ ਐੱਸਐੱਸਜੀ ਹਸਪਤਾਲ ਲਿਜਾਇਆ ਗਿਆ। ਕਮਿਸ਼ਨਰ ਨੇ ਕਿਹਾ, "ਪੁਲਸ ਦੇ ਹਸਪਤਾਲ ਪਹੁੰਚਣ ਤੋਂ ਬਾਅਦ, ਪਠਾਨ ਨੇ ਆਪਣੇ ਗਰੋਹ ਦੀ ਮਦਦ ਨਾਲ ਕਥਿਤ ਤੌਰ 'ਤੇ ਕੰਟੀਨ ਦੇ ਨੇੜੇ ਤਪਨ 'ਤੇ ਹਮਲਾ ਕੀਤਾ ਅਤੇ ਉਸ ਦੀ ਹੱਤਿਆ ਕਰ ਦਿੱਤੀ।
ਉਸ ਸਮੇਂ ਉਹ ਪੁਲਸ ਹਿਰਾਸਤ ਵਿੱਚ ਨਹੀਂ ਸੀ। ਪਠਾਨ ਅਤੇ ਉਸ ਦੇ ਪੰਜ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦੋਂ ਕਿ ਤਿੰਨ ਨੂੰ ਫੜਨਾ ਬਾਕੀ ਹੈ। ਰਾਓਪੁਰਾ ਥਾਣੇ ਵਿੱਚ ਦਰਜ ਐੱਫਆਈਆਰ ਦੇ ਅਨੁਸਾਰ, ਪਠਾਨ ਅਤੇ ਉਸਦੇ ਗਰੋਹ ਨੇ ਤਪਨ ਨੂੰ ਐਤਵਾਰ ਸਵੇਰੇ 1 ਵਜੇ ਦੇ ਕਰੀਬ ਉਸ ਸਮੇਂ ਚਾਕੂ ਮਾਰ ਦਿੱਤਾ ਜਦੋਂ ਉਹ ਆਪਣੇ ਦੋਸਤ ਮਿਤੇਸ਼ ਰਾਜਪੂਤ ਨਾਲ ਕੰਟੀਨ ਵਿੱਚ ਚਾਹ ਪੀ ਰਿਹਾ ਸੀ। ਪਠਾਨ ਨੇ ਕਥਿਤ ਤੌਰ 'ਤੇ ਤਪਨ ਦੀ ਛਾਤੀ ਅਤੇ ਪੇਟ 'ਤੇ ਚਾਕੂ ਨਾਲ ਵਾਰ ਕੀਤਾ। ਹਾਲਾਂਕਿ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।