ਭਾਜਪਾ ਆਗੂ ਪ੍ਰਵੇਸ਼ ਰਤਨ ''ਆਪ'' ''ਚ ਸ਼ਾਮਲ
Wednesday, Dec 04, 2024 - 02:17 PM (IST)
ਨਵੀਂ ਦਿੱਲੀ (ਭਾਸ਼ਾ)- ਭਾਰਤੀ ਜਨਤਾ ਪਾਰਟੀ (ਭਾਜਪਾ) ਆਗੂ ਪ੍ਰਵੇਸ਼ ਰਤਨ ਬੁੱਧਵਾਰ ਨੂੰ ਆਮ ਆਦਮੀ ਪਾਰਟੀ (ਆਪ) 'ਚ ਸ਼ਾਮਲ ਹੋ ਗਏ। ਉਨ੍ਹਾਂ ਨੂੰ 2020 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ 'ਚ ਪਟੇਲ ਨਗਰ (ਰਿਜ਼ਰਵ) ਚੋਣ ਖੇਤਰ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਜਾਟਵ ਭਾਈਚਾਰੇ ਨਾਲ ਤਾਲੁਕ ਰੱਖਣ ਵਾਲੇ ਰਤਨ ਇੱਥੇ ਪਾਰਟੀ ਹੈੱਡ ਕੁਆਰਟਰ 'ਚ ਸੀਨੀਅਰ ਆਗੂ ਮਨੀਸ਼ ਸਿਸੋਦੀਆ ਅਤੇ ਦੁਰਗੇਸ਼ ਪਾਠਕ ਦੀ ਮੌਜੂਦਗੀ 'ਚ 'ਆਪ' 'ਚ ਸ਼ਾਮਲ ਹੋਏ। 'ਆਪ' ਆਗੂ ਅਤੇ ਪਟੇਲ ਨਗਰ ਤੋਂ ਸਾਬਕਾ ਵਿਧਾਇਕ ਰਾਜ ਕੁਮਾਰ ਆਨੰਦ ਦੇ ਭਾਜਪਾ 'ਚ ਸ਼ਾਮਲ ਹੋਣ ਦੇ ਕੁਝ ਮਹੀਨੇ ਬਾਅਦ ਇਹ ਘਟਨਾਕ੍ਰਮ ਦੇਖਣ ਨੂੰ ਮਿਲਿਆ ਹੈ।
ਇਹ ਵੀ ਪੜ੍ਹੋ : Google Map ਨੇ ਮੁੜ ਦਿਖਾਇਆ ਗਲਤ ਰਸਤਾ, ਨਹਿਰ 'ਚ ਡਿੱਗੀ ਕਾਰ
ਆਨੰਦ ਨੇ ਅਪ੍ਰੈਲ 'ਚ ਦਿੱਲੀ ਸਰਕਾਰ 'ਚ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ 'ਆਪ' ਦਾ ਦਾਮਨ ਛੱਡ ਦਿੱਤਾ ਸੀ। ਬਾਅਦ 'ਚ ਦਿੱਲੀ ਵਿਧਾਨ ਸਭਾ ਸਪੀਕਰ ਨੇ ਵਿਧਾਇਕ ਵਜੋਂ ਉਨ੍ਹਾਂ ਨੂੰ ਅਯੋਗ ਐਲਾਨ ਕਰ ਦਿੱਤਾ। ਜੁਲਾਈ 'ਚ ਆਨੰਦ 'ਆਪ' ਦੇ ਇਕ ਹੋਰ ਵਿਧਾਇਕ ਕਰਤਾਰ ਸਿੰਘ ਤੰਵਰ ਦੇ ਨਾਲ ਭਾਜਪਾ 'ਚ ਸ਼ਾਮਲ ਹੋ ਗਏ। ਦਿੱਲੀ 'ਚ 2020 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਰਤਨ 30 ਹਜ਼ਾਰ ਤੋਂ ਵੱਧ ਵੋਟਾਂ ਦੇ ਅੰਤਰ ਨਾਲ ਆਨੰਦ ਤੋਂ ਹਾਰ ਗਏ ਸਨ। ਫਰਵਰੀ 2025 'ਚ ਪ੍ਰਸਤਾਵਿਤ ਵਿਧਾਨ ਸਭਾ ਚੋਣਾਂ 'ਚ ਦੋਵੇਂ ਨੇਤਾ ਆਪਣੀਆਂ ਨਵੀਆਂ ਪਾਰਟੀਆਂ ਦੇ ਉਮੀਦਵਾਰਾਂ ਵਜੋਂ ਮੁੜ ਇਕ-ਦੂਜੇ ਖ਼ਿਲਾਫ਼ ਖੜ੍ਹੇ ਹੋ ਸਕਦੇ ਹਨ। ਰਤਨ ਨੇ ਕਿਹਾ ਕਿ ਉਹ 'ਆਪ' ਮੁਖੀ ਅਰਵਿੰਦ ਕੇਜਰੀਵਾਲ ਤੋਂ ਪ੍ਰੇਰਿਤ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਮੁਫ਼ਤ ਸਹੂਲਤਾਂ ਰਾਹੀਂ ਦਿੱਲੀ ਦੇ ਲੋਕਾਂ, ਖ਼ਾਸ ਕਰ ਕੇ ਕਮਜ਼ੋਰ ਵਰਗਾਂ ਦੀ ਜੇਬ ਦੇ ਬੋਝ ਨੂੰ ਘੱਟ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8