ਭਾਜਪਾ ਛੱਡ ਨਵੀਂ ਪਾਰਟੀ ਬਣਾਉਣ ਦੀ ਤਿਆਰੀ ''ਚ ਅੰਨਾਮਲਾਈ! ਪੋਸਟਰਾਂ ਨੇ ਛੇੜੀ ਚਰਚਾ

Monday, Jun 01, 2026 - 08:30 PM (IST)

ਭਾਜਪਾ ਛੱਡ ਨਵੀਂ ਪਾਰਟੀ ਬਣਾਉਣ ਦੀ ਤਿਆਰੀ ''ਚ ਅੰਨਾਮਲਾਈ! ਪੋਸਟਰਾਂ ਨੇ ਛੇੜੀ ਚਰਚਾ

ਨੈਸ਼ਨਲ ਡੈਸਕ- ਤਾਮਿਲਨਾਡੂ ਦੀ ਰਾਜਨੀਤੀ ਵਿੱਚ ਇੱਕ ਵਾਰ ਫਿਰ ਵੱਡੀ ਹਲਚਲ ਦੇਖਣ ਨੂੰ ਮਿਲ ਰਹੀ ਹੈ। ਸੂਬਾ ਭਾਜਪਾ ਦੇ ਪ੍ਰਮੁੱਖ ਨੌਜਵਾਨ ਆਗੂ ਅਤੇ ਸਾਬਕਾ ਪ੍ਰਧਾਨ ਕੇ. ਅੰਨਾਮਲਾਈ ਦੇ ਭਾਜਪਾ ਛੱਡ ਕੇ ਆਪਣੀ ਨਵੀਂ ਸਿਆਸੀ ਪਾਰਟੀ ਲਾਂਚ ਕਰਨ ਦੀਆਂ ਅਟਕਲਾਂ ਨੇ ਜ਼ੋਰ ਫੜ ਲਿਆ ਹੈ। ਕੋਇੰਬਟੂਰ ਸ਼ਹਿਰ ਵਿੱਚ ਕਈ ਥਾਵਾਂ 'ਤੇ ਲੱਗੇ ਅੰਨਾਮਲਾਈ ਦੇ ਨਵੇਂ ਪੋਸਟਰਾਂ ਨੇ ਇਸ ਚਰਚਾ ਨੂੰ ਹੋਰ ਹਵਾ ਦਿੱਤੀ ਹੈ।

ਪੋਸਟਰਾਂ ਨੇ ਛੇੜੀ ਨਵੀਂ ਚਰਚਾ

ਕੋਇੰਬਟੂਰ ਵਿੱਚ ਲਗਾਏ ਗਏ ਇਨ੍ਹਾਂ ਪੋਸਟਰਾਂ ਵਿੱਚ ਅੰਨਾਮਲਾਈ ਦੀ ਤਸਵੀਰ ਦੇ ਹੇਠਾਂ ਲਿਖਿਆ ਹੈ— "Fearless minds gave no limits" (ਨਿਡਰ ਸੋਚ ਦੀ ਕੋਈ ਸੀਮਾ ਨਹੀਂ ਹੁੰਦੀ)। ਇਨ੍ਹਾਂ ਪੋਸਟਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਹੈ ਕਿ ਅੰਨਾਮਲਾਈ ਭਾਜਪਾ ਤੋਂ ਵੱਖ ਹੋ ਕੇ ਆਪਣਾ ਨਵਾਂ ਸਿਆਸੀ ਮੰਚ ਤਿਆਰ ਕਰ ਰਹੇ ਹਨ।

ਜਾਣਕਾਰੀ ਅਨੁਸਾਰ, ਅੰਨਾਮਲਾਈ ਦੇ ਪ੍ਰਸ਼ੰਸਕ ਸੰਗਠਨ 'ਅੰਨਾਮਲਾਈ ਅੰਬੂ ਕੂਟਮ' ਨੇ ਪਹਿਲਾਂ ਹੀ ਨਵੇਂ ਮੈਂਬਰਾਂ ਅਤੇ ਅਹੁਦੇਦਾਰਾਂ ਦਾ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ, ਅੰਨਾਮਲਾਈ ਖੁਦ ਤਾਮਿਲਨਾਡੂ ਭਾਜਪਾ ਦੀਆਂ ਪਿਛਲੀਆਂ ਦੋ ਅਹਿਮ ਕੇਂਦਰੀ ਕਮੇਟੀ ਬੈਠਕਾਂ ਵਿੱਚ ਸ਼ਾਮਲ ਨਹੀਂ ਹੋਏ ਹਨ, ਜਿਸ ਕਾਰਨ ਉਨ੍ਹਾਂ ਦੇ ਸਿਆਸੀ ਭਵਿੱਖ ਨੂੰ ਲੈ ਕੇ ਸਵਾਲ ਉੱਠ ਰਹੇ ਹਨ।

PunjabKesari

ਅੰਨਾਮਲਾਈ ਅਤੇ ਭਾਜਪਾ ਵਿਚਾਲੇ ਮਤਭੇਦ ਉਸ ਸਮੇਂ ਹੋਰ ਖੁੱਲ੍ਹ ਕੇ ਸਾਹਮਣੇ ਆਏ ਜਦੋਂ ਉਨ੍ਹਾਂ ਨੇ ਕੇਂਦਰ ਸਰਕਾਰ ਦੀ 'ਤਿੰਨ-ਭਾਸ਼ਾ ਨੀਤੀ' 'ਤੇ ਸਵਾਲ ਚੁੱਕੇ। ਉਨ੍ਹਾਂ ਨੇ ਕੇਂਦਰੀ ਸਿੱਖਿਆ ਮੰਤਰਾਲੇ ਨੂੰ ਅਪੀਲ ਕੀਤੀ ਹੈ ਕਿ ਨੌਵੀਂ ਜਮਾਤ ਦੇ ਵਿਦਿਆਰਥੀਆਂ ਲਈ ਤਿੰਨ ਭਾਸ਼ਾਵਾਂ ਲਾਜ਼ਮੀ ਕਰਨ ਦਾ ਫੈਸਲਾ ਵਾਪਸ ਲਿਆ ਜਾਵੇ, ਕਿਉਂਕਿ ਇਸ ਨਾਲ ਵਿਦਿਆਰਥੀਆਂ 'ਤੇ ਬੇਲੋੜਾ ਦਬਾਅ ਪਵੇਗਾ।

ਅੰਨਾਮਲਾਈ ਦਾ ਜਵਾਬ: "ਦੋ ਦਿਨ ਇੰਤਜ਼ਾਰ ਕਰੋ"

ਨਵੀਂ ਪਾਰਟੀ ਬਣਾਉਣ ਦੀਆਂ ਅਟਕਲਾਂ ਬਾਰੇ ਜਦੋਂ ਪੱਤਰਕਾਰਾਂ ਨੇ ਅੰਨਾਮਲਾਈ ਨੂੰ ਪੁੱਛਿਆ, ਤਾਂ ਉਨ੍ਹਾਂ ਨੇ ਇਸ ਨੂੰ ਸਿਰੇ ਤੋਂ ਨਕਾਰਿਆ ਨਹੀਂ। ਉਨ੍ਹਾਂ ਨੇ ਕਿਹਾ, "ਕਿਰਪਾ ਕਰਕੇ ਇੰਤਜ਼ਾਰ ਕਰੋ, ਅਸੀਂ ਦੋ ਦਿਨਾਂ ਵਿੱਚ ਬੈਠ ਕੇ ਗੱਲ ਕਰਾਂਗੇ"। ਸੂਤਰਾਂ ਅਨੁਸਾਰ ਉਹ ਦਿੱਲੀ ਵਿੱਚ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਵੀ ਮੁਲਾਕਾਤ ਕਰ ਸਕਦੇ ਹਨ।

ਇਸ ਦੌਰਾਨ ਕਾਂਗਰਸ ਸਾਂਸਦ ਕਾਰਤੀ ਚਿਦੰਬਰਮ ਨੇ ਵੀ ਟਵੀਟ ਕਰਦਿਆਂ ਕਿਹਾ ਹੈ ਕਿ ਤਾਮਿਲਨਾਡੂ ਵਿੱਚ ਇੱਕ ਹੋਰ ਸਿਆਸੀ ਪਾਰਟੀ ਬਣਨ ਲਈ ਮੰਥਨ ਤੇਜ਼ ਹੋ ਗਿਆ ਹੈ।


author

Rakesh

Content Editor

Related News