ਭਾਜਪਾ ਨੇ ਖੜਕਾਇਆ ਸੰਘ ਦੇ ਦਿੱਗਜ ਸੁਰੇਸ਼ ਸੋਨੀ ਦਾ ਦਰਵਾਜ਼ਾ
Wednesday, Jul 31, 2024 - 05:48 PM (IST)
ਨਵੀਂ ਦਿੱਲੀ- ਰਿਪੋਰਟਾਂ ਦੀ ਮੰਨੀਏ ਤਾਂ ਭਾਜਪਾ ਲੀਡਰਸ਼ਿਪ ਨੂੰ ਅਹਿਸਾਸ ਹੋ ਗਿਆ ਹੈ ਕਿ ਆਰ. ਐੱਸ. ਐੱਸ. ਤੋਂ ਬਿਨਾਂ ਉਹ ‘ਨਵੀਂ ਕਾਂਗਰਸ’ ਬਣ ਜਾਵੇਗੀ। ਜੇ ਆਰ. ਐੱਸ. ਐੱਸ. ਹਰ ਜ਼ਿਲੇ ਅਤੇ ਕਸਬੇ ’ਚੋਂ ਆਪਣੇ ਵਰਕਰਾਂ ਨੂੰ ਵਾਪਸ ਲੈ ਲੈਂਦਾ ਹੈ ਤਾਂ ਭਾਜਪਾ ਕੋਲ ਦੂਜੀਆਂ ਪਾਰਟੀਆਂ ਤੋਂ ਆਏ ਦਲ-ਬਦਲੂ ਹੀ ਰਹਿ ਜਾਣਗੇ।
ਖਬਰ ਹੈ ਕਿ ਉਸ ਨੇ ਸਮੱਸਿਆ ਦਾ ਹੱਲ ਕੱਢਣ ਲਈ ਆਰ. ਐੱਸ. ਐੱਸ. ਦੇ ਦਿੱਗਜ ਨੇਤਾ ਸੁਰੇਸ਼ ਸੋਨੀ ਦਾ ਦਰਵਾਜ਼ਾ ਖੜਕਾਇਆ ਹੈ। ਸੋਨੀ ਦਾ ਆਰ. ਐੱਸ. ਐੱਸ. ’ਚ ਬਹੁਤ ਸਤਿਕਾਰ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੇ ਗੁਜਰਾਤ ’ਚ ਬਹੁਤ ਕੰਮ ਕੀਤਾ ਹੈ। ਮੋਦੀ ਨੂੰ ਗੁਜਰਾਤ ਤੋਂ ਦਿੱਲੀ ਲਿਆਉਣ ’ਚ ਉਨ੍ਹਾਂ ਦਾ ਬਹੁਤ ਯੋਗਦਾਨ ਰਿਹਾ ਹੈ।
ਆਰ. ਐੱਸ. ਐੱਸ. ਲੀਡਰਸ਼ਿਪ ਨੇ ਭਾਜਪਾ ਲੀਡਰਸ਼ਿਪ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਪ੍ਰੌਕਸੀ ਜਾਂ ਕਿਸੇ ਹੋਰ ਤਰੀਕੇ ਨਾਲ ਸਰਕਾਰ ਚਲਾਉਣ ’ਚ ਦਿਲਚਸਪੀ ਨਹੀਂ ਰੱਖਦੀ। ਹਾਲਾਂਕਿ ਸੰਘ ਨੇ ਕਿਹਾ ਹੈ ਕਿ ਨਵੇਂ ਪਾਰਟੀ ਪ੍ਰਧਾਨ ਦੀ ਨਿਯੁਕਤੀ ਤੋਂ ਪਹਿਲਾਂ ਭਾਜਪਾ ਉਸ ਤੋਂ ਸਲਾਹ ਲਵੇ। ਨਵਾਂ ਪ੍ਰਧਾਨ ਇਕ ਸਮਰਪਿਤ ਆਰ. ਐੱਸ. ਐੱਸ. ਵਰਕਰ ਹੋਣਾ ਚਾਹੀਦਾ ਹੈ।
ਭਾਜਪਾ ਨੇ ਜਵਾਬ ਦਿੱਤਾ ਕਿ ਬਜਟ ਸੈਸ਼ਨ ਕਾਰਨ ਸਮਾਂ ਘੱਟ ਹੈ ਅਤੇ ਵਿਧਾਨ ਸਭਾ ਚੋਣਾਂ ਵੀ ਨੇੜੇ ਹਨ ਅਤੇ ਇਸ ਦੇ ਲਈ ਸਮਾਂ ਚਾਹੀਦਾ ਹੈ। ਇਸ ਦਰਮਿਆਨ ਕਈ ਨਾਂ ਸਾਹਮਣੇ ਆਏ ਹਨ, ਜਿਨ੍ਹਾਂ ’ਚ ਮਹਾਰਾਸ਼ਟਰ ਤੋਂ ਭਾਜਪਾ ਦੇ ਜਨਰਲ ਸਕੱਤਰ ਵਿਨੋਦ ਤਾਵੜੇ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਅਤੇ ਸ਼ਿਵਰਾਜ ਸਿੰਘ ਚੌਹਾਨ ਸ਼ਾਮਲ ਹਨ ਪਰ ਭਾਜਪਾ ਲੀਡਰਸ਼ਿਪ ਨੇ ਸੁਝਾਅ ਦਿੱਤਾ ਕਿ ਨੱਡਾ ਨੂੰ ਜਨਵਰੀ, 2025 ਤੱਕ ਪਾਰਟੀ ਅਹੁਦੇ ’ਤੇ ਬਣੇ ਰਹਿਣ ਦਿੱਤਾ ਜਾਵੇ।
ਹਾਲਾਂਕਿ, ਆਰ. ਐੱਸ. ਐੱਸ. ਸਰਕਾਰਿਆਵਾਹ ਦੱਤਾਤ੍ਰੇਅ ਹੋਸਬੋਲੇ, ਜੋ ਕਿ ਲੜੀ ’ਚ ਦੂਜੇ ਨੰਬਰ ’ਤੇ ਹਨ, ਇਨ੍ਹੀਂ ਦਿਨੀਂ ਦਿੱਲੀ ’ਚ ਹਨ। ਆਰ. ਐੱਸ. ਐੱਸ. ਦੇ ਸੰਯੁਕਤ ਜਨਰਲ ਸਕੱਤਰ ਅਰੁਣ ਕੁਮਾਰ ਭਾਜਪਾ ਨਾਲ ਤਾਲਮੇਲ ਦਾ ਕੰਮ ਦੇਖਦੇ ਹਨ ਪਰ ਇਸ ਸੰਕਟ ਨੂੰ ਸੁਰੇਸ਼ ਸੋਨੀ ਨੇ ਸੰਭਾਲਿਆ ਹੈ।
ਨਵੇਂ ਰਾਜਪਾਲਾਂ ਦੀ ਨਿਯੁਕਤੀ ਨਾਲ ਵੀ ਆਰ. ਐੱਸ. ਐੱਸ. ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।