ਹਰਿਆਣਾ ਲੋਕਲ ਬਾਡੀ ਚੋਣਾਂ ’ਚ ਭਾਜਪਾ ਨੇ ਮਾਰੀ ਬਾਜ਼ੀ

06/23/2022 10:51:14 AM

ਚੰਡੀਗੜ੍ਹ, (ਬਾਂਸਲ)– ਹਰਿਆਣਾ ਦੀਆਂ ਲੋਕਲ ਬਾਡੀ ਚੋਣਾਂ ਦੇ ਨਤੀਜਿਆਂ ਵਿਚ ਭਾਜਪਾ ਆਪਣਾ ਕਮਲ ਦਾ ਫੁੱਲ ਖਿੜਾਉਣ ਵਿਚ ਕਾਮਯਾਬ ਰਹੀ, ਜਦਕਿ ਜਜਪਾ ਸਿਰਫ਼ ਤਿੰਨ ਸੀਟਾਂ ਹੀ ਜਿੱਤ ਸਕੀ। ਇਨੈਲੋ ਅਤੇ ‘ਆਪ’ ਦਾ ਖਾਤਾ ਵੀ ਖੁੱਲ੍ਹ ਗਿਆ ਤੇ ਉੱਥੇ ਹੀ ਆਜ਼ਾਦ ਉਮੀਦਵਾਰਾਂ ਨੇ ਵੀ ਚੰਗਾ ਪ੍ਰਦਰਸ਼ਨ ਕਰਦਿਆਂ 19 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ। ਇਨ੍ਹਾਂ ਆਜ਼ਾਦ ਉਮੀਦਵਾਰਾਂ ’ਚੋਂ 7 ਉਮੀਦਵਾਰ ਭਾਜਪਾ ਦੇ ਬਾਗੀ ਹਨ। ਭਾਜਪਾ ਅਤੇ ਜਜਪਾ ਦੋਵਾਂ ਨੇ ਪਾਰਟੀ ਦੇ ਚੋਣ ਨਿਸ਼ਾਨ ’ਤੇ ਮਿਲ ਕੇ ਚੋਣਾਂ ਲੜੀਆਂ ਸੀ।

46 ਸ਼ਹਿਰੀ ਸਥਾਨਕ ਸਰਕਾਰ ਅਦਾਰਿਆਂ ’ਚੋਂ 25 ’ਤੇ ਭਾਜਪਾ ਅਤੇ ਜਜਪਾ ਗਠਜੋੜ ਨੇ ਜਿੱਤ ਹਾਸਲ ਕੀਤੀ ਹੈ। 22 ਸ਼ਹਿਰੀ ਸਥਾਨਕ ਸਰਕਾਰ ਅਦਾਰਿਆਂ ’ਚ ਭਾਜਪਾ ਜਦਕਿ ਜਜਪਾ ਨੇ ਸਿਰਫ਼ 3 ਸੀਟਾਂ ’ਤੇ ਹੀ ਜਿੱਤ ਹਾਸਲ ਕੀਤੀ ਹੈ।

ਕਾਂਗਰਸ ਨੇ ਚੋਣ ਨਿਸ਼ਾਨ ’ਤੇ ਚੋਣ ਨਹੀਂ ਲੜੀ ਪਰ ਕਾਂਗਰਸ ਦੇ ਸਮਰਥਨ ਵਾਲੇ ਉਮੀਦਵਾਰ ਚੋਣ ਮੈਦਾਨ ’ਚ ਸਨ ਪਰ ਕਾਂਗਰਸ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ। ਨਗਰ ਨਿਗਮ ਚੋਣਾਂ ’ਚ 19 ਆਜ਼ਾਦ ਉਮੀਦਵਾਰ ਜਿੱਤੇ ਹਨ, ਜਿਨ੍ਹਾਂ ’ਚ 7 ਭਾਜਪਾ ਤੋਂ ਬਾਗੀ, 1 ਜਜਪਾ ਦਾ ਬਾਗੀ, 3 ’ਤੇ ਇਨੈਲੋ ਅਤੇ 9 ’ਤੇ ਕਾਂਗਰਸ ਆਪਣਾ ਸਮਰਥਨ ਹੋਣ ਦਾ ਦਾਅਵਾ ਕਰ ਰਹੀ ਹੈ। ਨਗਰ ਨਿਗਮ ਚੋਣਾਂ ’ਚ ਆਮ ਆਦਮੀ ਪਾਰਟੀ ਅਤੇ ਇਨੈਲੋ ਇਕ-ਇਕ ਸੀਟ ਹੀ ਜਿੱਤ ਸਕੀਆਂ ਹਨ।


Rakesh

Content Editor

Related News