ਸੰਜੇ ਸਿੰਘ ਦਾ ਦੋਸ਼- ਕੇਜਰੀਵਾਲ ਦੀ ਜਾਨ ਨਾਲ ਖੇਡ ਰਹੀ ਹੈ ਭਾਜਪਾ ਸਰਕਾਰ
Saturday, Jul 13, 2024 - 01:31 PM (IST)
ਨਵੀਂ ਦਿੱਲੀ (ਭਾਸ਼ਾ)- ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਭਾਜਪਾ ਅਤੇ ਉਸ ਦੀ ਕੇਂਦਰ ਸਰਕਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਜਾਨ ਨਾਲ ਖੇਡ ਰਹੀ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦਾ ਭਾਰ 8.5 ਕਿਲੋਗ੍ਰਾਮ ਘੱਟ ਹੋ ਗਿਆ ਹੈ ਅਤੇ ਜੇਲ੍ਹ 'ਚ ਰਹਿਣ ਦੌਰਾਨ ਉਨ੍ਹਾਂ ਦਾ ਬਲੱਡ ਲੈਵਲ 5 ਵਾਰ 50 ਮਿਲੀਗ੍ਰਾਮ/ਡੀਐੱਲ ਹੇਠਾਂ ਚੱਲਾ ਗਿਆ। ਉਨ੍ਹਾਂ ਦੇ ਦਾਅਵਿਆਂ 'ਤੇ ਭਾਜਪਾ ਵਲੋਂ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਆਈ। ਸੰਜੇ ਸਿੰਘ ਨੇ ਪੱਤਰਕਾਰ ਸੰਮੇਲਨ 'ਚ ਕਿਹਾ,''ਉਨ੍ਹਾਂ ਦੀ ਸਿਹਤ ਸਥਿਤੀ ਅਜਿਹੀ ਹੈ ਕਿ ਜੇਕਰ ਉਨ੍ਹਾਂ ਨੂੰ ਜਲਦ ਹੀ ਜੇਲ੍ਹ ਤੋਂ ਬਾਹਰ ਨਹੀਂ ਲਿਆਂਦਾ ਗਿਆ ਅਤੇ ਮੈਡੀਕਲ ਸਹੂਲਤ ਨਹੀਂ ਦਿੱਤੀ ਗਈ ਤਾਂ ਉਨ੍ਹਾਂ ਨਾਲ ਕੋਈ ਵੀ ਗੰਭੀਰ ਘਟਨਾ ਹੋ ਸਕਦੀ ਹੈ।''
ਉਨ੍ਹਾਂ ਕਿਹਾ ਕਿ 21 ਮਾਰਚ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਜਾਣ ਦੇ ਸਮੇਂ ਕੇਜਰੀਵਾਲ ਦਾ ਭਾਰ 70 ਕਿਲੋਗ੍ਰਾਮ ਸੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਹੁਣ ਉਨ੍ਹਾਂ ਦਾ ਭਰਾ ਘੱਟ ਕੇ 61.5 ਕਿਲੋਗ੍ਰਾਮ ਰਹਿ ਗਿਆ ਹੈ। ਸਿੰਘ ਨੇ ਦਾਅਵਾ ਕੀਤਾ ਕਿ ਭਾਰ 'ਚ ਇਹੀ ਕਮੀ ਕਿਸੇ ਗੰਭੀਰ ਬੀਮਾਰੀ ਦਾ ਸੰਕੇਤ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦਾ ਪਰਿਵਾਰ, 'ਆਪ' ਅਤੇ ਉਨ੍ਹਾਂ ਦੇ ਸ਼ੁੱਭਚਿੰਤਕ ਜੇਲ੍ਹ 'ਚ ਉਨ੍ਹਾਂ ਦੀ ਸਿਹਤ ਦੀ ਸਥਿਤੀ ਨੂੰ ਲੈ ਕੇ ਚਿੰਤਤ ਹਨ। ਉਨ੍ਹਾਂ ਦੋਸ਼ ਲਗਾਇਆ,''ਭਾਜਪਾ ਅਤੇ ਕੇਂਦਰ 'ਚ ਉਸ ਦੀ ਸਰਕਾਰ ਦਾ ਮਕਸਦ ਉਨ੍ਹਾਂ ਨੂੰ ਜੇਲ੍ਹ 'ਚ ਰੱਖਣਾ ਅਤੇ ਉਨ੍ਹਾਂ ਦੇ ਜੀਵਨ ਨਾਲ ਖੇਡਣਾ ਹੈ। ਉਹ ਸਾਜਿਸ਼ ਰਚ ਰਹੇ ਹਨ ਤਾਂ ਕਿ ਉਨ੍ਹਾਂ ਨੂੰ ਕੁਝ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇ।'' ਈ.ਡੀ. ਵਲੋਂ ਦਰਜ ਮਾਮਲੇ 'ਚ ਦਿੱਲੀ ਦੇ ਮੁੱਖ ਮੰਤਰੀ ਨੂੰ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਨੇ ਅੰਤਰਿਮ ਜ਼ਮਾਨਤ ਦੇ ਦਿੱਤੀ ਸੀ। ਹਾਲਾਂਕਿ, ਸੀ.ਬੀ.ਆਈ. ਵਲੋਂ ਆਬਕਾਰੀ ਨੀਤੀ ਘਪਲਾ ਮਾਮਲੇ 'ਚ ਉਨ੍ਹਾਂ ਦੀ ਗ੍ਰਿਫ਼ਤਾਰੀ ਦੇ ਕਾਰਨ ਉਹ ਅਜੇ ਵੀ ਜੇਲ੍ਹ 'ਚ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e