ਭਾਜਪਾ ਬਾਰੇ ਫਾਰੂਕ ਅਬਦੁੱਲਾ ਦੀ ਤਲਖ਼ ਟਿੱਪਣੀ, ਆਖ਼ ਦਿੱਤੀ ਇਹ ਗੱਲ

Sunday, Sep 08, 2024 - 12:53 PM (IST)

ਸ਼੍ਰੀਨਗਰ- ਨੈਸ਼ਨਲ ਕਾਨਫਰੰਸ (NC) ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਐਤਵਾਰ ਨੂੰ ਦੋਸ਼ ਲਾਇਆ ਕਿ ਭਾਜਪਾ ਜੰਮੂ ਖੇਤਰ 'ਚ ਵਿਧਾਨ ਸਭਾ ਚੋਣ ਮੁਹਿੰਮ ਦੌਰਾਨ ਹਿੰਦੂ ਵੋਟਰਾਂ ਨੂੰ ਡਰਾਉਣ-ਧਮਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮੱਧ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਵਿਚ ਮੀਡੀਆ ਕਰਮੀਆਂ ਨਾਲ ਗੱਲਬਾਤ ਕਰਦਿਆਂ ਫਾਰੂਕ ਨੇ ਕਿਹਾ ਕਿ ਭਾਜਪਾ ਸਿਰਫ ਹਿੰਦੂਆਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਮੰਨ ਲਿਆ ਸੀ ਕਿ ਹਿੰਦੂ ਉਨ੍ਹਾਂ ਦੇ ਪੱਖ 'ਚ ਵੋਟਾਂ ਪਾਉਣਗੇ ਪਰ ਹਿੰਦੂ ਹੁਣ ਪਹਿਲਾਂ ਵਰਗੇ ਨਹੀਂ ਹਨ। ਭਾਜਪਾ ਨੇ ਪਹਿਲਾਂ ਰਾਮ ਮੁੱਦੇ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕੀਤੀ ਅਤੇ ਹੁਣ ਉਹ ਹਿੰਦੂਆਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਫਾਰੂਕ ਨੇ ਕਿਹਾ ਕਿ ਭਾਜਪਾ, ਨੈਸ਼ਨਲ ਕਾਨਫਰੰਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਅਸੀਂ ਜੰਮੂ-ਕਸ਼ਮੀਰ 'ਚ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਜੇਤੂ ਹੋਵਾਂਗੇ ਅਤੇ ਲੋਕਾਂ ਦੀ ਜ਼ਿੰਦਗੀ ਬਦਲ ਦੇਵਾਂਗੇ। ਜਦੋਂ ਫਾਰੂਕ ਤੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਉਸ ਟਿੱਪਣੀ ਬਾਰੇ ਪੁੱਛਿਆ ਗਿਆ ਕਿ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਵਿਚਾਲੇ ਗਠਜੋੜ ਅਸਥਾਈ ਹੈ ਤਾਂ ਫਾਰੂਕ ਨੇ ਜਵਾਬ ਦਿੱਤਾ ਕਿ ਅਮਿਤ ਸ਼ਾਹ ਬਹੁਤ ਜ਼ਿਆਦਾ ਬੋਲ ਰਹੇ ਹਨ ਅਤੇ ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਜਿਸ ਭਾਰਤ ਨੂੰ ਉਹ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ...ਅਸੀਂ ਉਸ ਦੇ ਖਿਲਾਫ਼ ਹਾਂ। ਭਾਰਤ ਸਾਰਿਆਂ ਦਾ ਹੈ-ਹਿੰਦੂ, ਮੁਸਲਿਮ, ਸਿੱਖ, ਈਸਾਈ, ਬੌਧ ਅਤੇ ਇੱਥੇ ਰਹਿਣ ਵਾਲੇ ਸਾਰੇ ਲੋਕਾਂ ਦਾ।


Tanu

Content Editor

Related News