ਭਾਜਪਾ ਤੀਜੀ ਵਾਰ ਸਰਕਾਰ ਬਣਾ ਰਹੀ ਹੈ, ਕਾਂਗਰਸ EVM ਨੂੰ ਦੋਸ਼ ਦੇਵੇਗੀ : ਸੈਣੀ

Sunday, Oct 06, 2024 - 05:26 PM (IST)

ਹਰਿਆਣਾ (ਭਾਸ਼ਾ)- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਐਤਵਾਰ ਨੂੰ ਐਗਜ਼ਿਟ ਪੋਲ ਨੂੰ ਰੱਦ ਕਰਦਿਆਂ ਐਤਵਾਰ ਨੂੰ ਦਾਅਵਾ ਕੀਤਾ ਕਿ ਭਾਜਪਾ 8 ਅਕਤੂਬਰ ਨੂੰ ਐਲਾਨ ਨਤੀਜਿਆਂ ਤੋਂ ਬਾਅਦ ਤੀਜੀ ਵਾਰ ਪੂਰੇ ਬਹੁਮਤ ਨਾਲ ਰਾਜ 'ਚ ਸਰਕਾਰ ਬਣਾਏਗੀ। ਸੈਣੀ ਨੇ ਵਿਰੋਧੀ ਪਾਰਟੀ 'ਤੇ ਹਮਲਾ ਕਰਦਿਆਂ ਕਿਹਾ ਕਿ ਕਾਂਗਰਸ ਆਪਣੀ ਹਾਰ ਲਈ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐੱਮ) ਨੂੰ ਜ਼ਿੰਮੇਵਾਰ ਠਹਿਰਾਵੇਗੀ। ਜ਼ਿਆਦਾਤਰ ਐਗਜ਼ਿਟ ਪੋਲ ਹਰਿਆਣਾ ਚੋਣਾਂ 'ਚ ਕਾਂਗਰਸ ਨੂੰ ਅੱਗੇ ਦੱਸ ਰਹੇ ਹਨ। ਕਾਂਗਰਸ ਦੀ ਜਿੱਤ ਦੀ ਭਵਿੱਖਬਾਣੀ ਕਰਨ ਵਾਲੇ ਐਗਜ਼ਿਟ ਪੋਲ ਬਾਰੇ ਪੁੱਛੇ ਜਾਣ 'ਤੇ ਸੈਣੀ ਨੇ ਕਿਹਾ ਕਿ ਅਸੀਂ 8 ਅਕਤੂਬਰ ਨੂੰ ਸਰਕਾਰ ਬਣਾਉਣ ਜਾ ਰਹੇ ਹਾਂ। ਉਨ੍ਹਾਂ ਕਿਹਾ,''8 ਤਾਰੀਖ਼ ਨੂੰ ਜਨਤਾ ਜਵਾਬ ਦੇਵੇਗੀ ਅਤੇ ਉਹ (ਕਾਂਗਰਸ) ਕਹੇਗੀ ਕਿ ਈਵੀਐੱਮ ਹੈ ਖਰਾਬ।" ਇਹ ਪੁੱਛੇ ਜਾਣ 'ਤੇ ਕਿ 90 ਮੈਂਬਰੀ ਵਿਧਾਨ ਸਭਾ 'ਚ ਭਾਜਪਾ ਕਿੰਨੀਆਂ ਸੀਟਾਂ ਜਿੱਤੇਗੀ, ਸੈਣੀ ਨੇ ਕਿਹਾ,"ਮੈਂ ਕਿਹਾ ਹੈ ਕਿ ਅਸੀਂ ਪੂਰੇ ਬਹੁਮਤ ਨਾਲ ਸਰਕਾਰ ਬਣਾਵਾਂਗੇ।"

ਉਨ੍ਹਾਂ ਕਿਹਾ ਕਿ ਸੂਬੇ 'ਚ ਕੀਤੇ ਕੰਮਾਂ ਦੇ ਆਧਾਰ 'ਤੇ ਭਾਜਪਾ ਦੀ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਭਾਜਪਾ ਨੇ ਬਿਨਾਂ ਕਿਸੇ ਭੇਦਭਾਵ ਦੇ ਹਰ ਵਰਗ ਲਈ ਕੰਮ ਕੀਤਾ ਹੈ ਅਤੇ ਇਸ ਕੰਮ ਦੇ ਆਧਾਰ 'ਤੇ ਪਾਰਟੀ ਪੂਰੇ ਬਹੁਮਤ ਨਾਲ ਸਰਕਾਰ ਬਣਾਏਗੀ। ਹਰਿਆਣਾ ਲਈ ਐਗਜ਼ਿਟ ਪੋਲ ਦੀਆਂ ਭਵਿੱਖਬਾਣੀਆਂ 'ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ 'ਚ ਛੱਤੀਸਗੜ੍ਹ 'ਚ ਕਾਂਗਰਸ ਦੀ ਜਿੱਤ ਦਾ ਅਨੁਮਾਨ ਲਗਾਇਆ ਗਿਆ ਸੀ ਅਤੇ ਉੱਤਰਾਖੰਡ 'ਚ ਵੀ ਪਾਰਟੀ ਨੂੰ ਅੱਗੇ ਦਿਖਾਇਆ ਸੀ। ਸੈਣੀ ਨੇ ਕਿਹਾ,"ਐਗਜ਼ਿਟ ਪੋਲ ਦੇ ਆਪਣੇ ਸਿਧਾਂਤ ਅਤੇ ਆਪਣੀ ਪ੍ਰਣਾਲੀ ਹੈ ਪਰ ਅਸੀਂ ਜ਼ਮੀਨ 'ਤੇ ਕੰਮ ਕਰਦੇ ਹਾਂ। ਸਾਡੇ ਨੇਤਾ ਲੋਕਾਂ ਨਾਲ ਸਿੱਧੇ ਤੌਰ 'ਤੇ ਜੁੜੇ ਹੋਏ ਹਨ। ਹਰਿਆਣਾ ਦੇ ਲੋਕ ਚਾਹੁੰਦੇ ਹਨ ਕਿ ਭਾਜਪਾ ਤੀਜੀ ਵਾਰ ਸੱਤਾ ਵਿਚ ਆਵੇ। ਅਸੀਂ ਤੀਜੀ ਵਾਰ ਸਰਕਾਰ ਬਣਾ ਰਹੇ ਹਾਂ।'' ਸ਼ਨੀਵਾਰ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ 'ਚ ਲਗਭਗ 67 ਫੀਸਦੀ ਵੋਟਿੰਗ ਦਰਜ ਕੀਤੀ ਗਈ, ਕਈ ਐਗਜ਼ਿਟ ਪੋਲ 'ਚ ਕਾਂਗਰਸ ਨੂੰ ਸਪੱਸਟ ਬਹੁਮਤ ਮਿਲਣ ਦਾ ਅਨੁਮਾਨ ਲਗਾਇਆ ਗਿਆ ਹੈ, ਜੋ ਇਕ ਦਹਾਕੇ ਬਾਅਦ ਵਾਪਸੀ ਕਰਨ ਦੀ ਉਮੀਦ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News