ਸਵੇਰ ਦੀ ਸੈਰ ''ਤੇ ਗਏ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਦਾ ਗੋਲੀਆਂ ਮਾਰ ਕੇ ਕਤਲ

Tuesday, Aug 11, 2020 - 12:03 PM (IST)

ਸਵੇਰ ਦੀ ਸੈਰ ''ਤੇ ਗਏ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਦਾ ਗੋਲੀਆਂ ਮਾਰ ਕੇ ਕਤਲ

ਬਾਗਪਤ— ਉੱਤਰ ਪ੍ਰਦੇਸ਼ ਦੇ ਬਾਗਪਤ ਵਿਚ ਭਾਜਪਾ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੰਜੇ ਖੋਖਰ ਦਾ ਬਦਮਾਸ਼ਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ। ਪੁਲਸ ਮੁਤਾਬਕ ਸੰਜੇ ਸਵੇਰ ਦੀ ਸੈਰ 'ਤੇ ਗਏ ਹੋਏ ਸਨ, ਜਦੋਂ ਹਮਲਾਵਰਾਂ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ। ਬਾਗਪਤ ਦੇ ਛਪਰੌਲੀ ਖੇਤਰ ਵਿਚ ਪਿਛਲੇ ਦੋ ਮਹੀਨਿਆਂ 'ਚ 3 ਲੋਕਾਂ ਦਾ ਕਤਲ ਹੋ ਚੁੱਕਾ ਹੈ। ਪੁਲਸ ਇੰਸਪੈਕਟਰ ਅਜੇ ਕੁਮਾਰ ਸਿੰਘ ਨੇ ਦੱਸਿਆ ਕਿ ਛਪਰੌਲੀ ਇਲਾਕੇ ਦੇ ਤਿਲਵਾੜਾ ਵਾਸੀ ਸੰਜੇ ਖੋਖਰ ਮੰਗਲਵਾਰ ਸਵੇਰੇ ਸੈਰ ਲਈ ਗਏ ਸਨ, ਜਦੋਂ ਪਹਿਲਾਂ ਤੋਂ ਹੀ ਘਾਤ ਲਾ ਕੇ ਬੈਠੇ ਬਦਮਾਸ਼ਾਂ ਨੇ ਉਨ੍ਹਾਂ 'ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਉਹ ਪੁਲਸ ਫੋਰਸ ਨਾਲ ਮੌਕੇ 'ਤੇ ਪੁੱਜੇ।

PunjabKesari
ਪੁਲਸ ਮੁਤਾਬਕ ਕਤਲ ਦੇ ਪਿੱਛੇ ਦਾ ਕਾਰਨ ਰੰਜਿਸ਼ ਲੱਗ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਹਮਲਾਵਰਾਂ ਨੇ ਖੋਖਰ ਨੂੰ ਦੋ ਗੋਲੀਆਂ ਮਾਰੀਆਂ ਹਨ। ਇਕ ਗੋਲੀ ਸਿਰ 'ਚ ਇਕ ਸੀਨੇ ਵਿਚ ਲੱਗੀ ਹੈ। ਪੁਲਸ ਇੰਸਪੈਕਟਰ ਅਜੇ ਕੁਮਾਰ ਨੇ ਦੱਸਿਆ ਕਿ ਘਟਨਾ ਦੇ ਖ਼ੁਲਾਸੇ ਲਈ ਪੁਲਸ ਦੀਆਂ ਕਈ ਟੀਮਾਂ ਬਣਾਈਆਂ ਗਈਆਂ ਹਨ। ਪੁਲਸ ਕਾਤਲਾਂ ਦੀ ਸਰਗਰਮੀ ਨਾਲ ਭਾਲ ਕਰ ਰਹੀ ਹੈ। 

PunjabKesari
ਜ਼ਿਕਰਯੋਗ ਹੈ ਕਿ ਸੰਜੇ ਖੋਖਰ ਕਰੀਬ 3 ਸਾਲ ਭਾਜਪਾ ਜ਼ਿਲ੍ਹਾ ਪ੍ਰਧਾਨ ਰਹੇ ਸਨ। ਸਾਲ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਧਾਨ ਅਹੁਦੇ ਤੋਂ ਹਟਾਇਆ ਗਿਆ ਸੀ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਖੋਖਰ ਦੀ ਮੌਤ 'ਤੇ ਡੂੰਘਾ ਸੋਗ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਖੋਖਰ ਦੇ ਪਰਿਵਾਰ ਪ੍ਰਤੀ ਆਪਣੀ ਹਮਦਰਦੀ ਜ਼ਾਹਰ ਕੀਤੀ ਹੈ। ਮੁੱਖ ਮੰਤਰੀ ਨੇ ਇਸ ਮਾਮਲੇ ਵਿਚ ਜਾਂਚ ਕਰ ਕੇ ਦੋਸ਼ੀਆਂ ਨੂੰ 24 ਘੰਟੇ ਵਿਚ ਕਾਨੂੰਨੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਵਿਚ ਜਵਾਬਦੇਹੀ ਵੀ ਤੈਅ ਕੀਤੀ ਜਾਵੇ।


author

Tanu

Content Editor

Related News