ਯੂ-ਟਿਊਬ ਚੈਨਲ ’ਤੇ ਹਿੰਦੂ ਦੇਵੀ-ਦੇਵਤਿਆਂ ’ਤੇ ਇਤਰਾਜ਼ਯੋਗ ਵੀਡੀਓ, ਭਾਜਪਾ ਨੇ ਕੀਤੀ ਕਾਰਵਾਈ ਦੀ ਮੰਗ
Saturday, Apr 30, 2022 - 10:13 AM (IST)
ਚੇਨਈ– -ਭਾਜਪਾ ਨੇ ਸ਼ੁੱਕਰਵਾਰ ਨੂੰ ਮੰਗ ਕੀਤੀ ਕਿ ਤਮਿਲਨਾਡੂ ਪੁਲਸ ਹਿੰਦੂ ਦੇਵੀ-ਦੇਵਤਿਆਂ ਨੂੰ ਲੈ ਕੇ ਕਥਿਤ ਰੂਪ ’ਚ ਇਤਰਾਜ਼ਯੋਗ ਵੀਡੀਓ ਪੋਸਟ ਕਰਨ ਦੇ ਮਾਮਲੇ ’ਚ ਸਬੰਧਤ ਯੂ-ਟਿਊਬ ਚੈਨਲ ਦੇ ਖਿਲਾਫ ਤੁਰੰਤ ਕਾਰਵਾਈ ਕਰੇ ਅਤੇ ਇਸ ਨਾਲ ਜੁਡ਼ੇ ਲੋਕਾਂ ਨੂੰ ਗ੍ਰਿਫਤਾਰ ਕਰੇ। ਪਾਰਟੀ ਨੇ ਕਿਹਾ ਕਿ ਜੇਕਰ ਸੂਬਾ ਸਰਕਾਰ ਕਾਰਵਾਈ ਕਰਨ ’ਚ ਅਸਫਲ ਰਹਿੰਦੀ ਹੈ ਤਾਂ ਭਾਜਪਾ ਦੀ ਤਮਿਲਨਾਡੂ ਇਕਾਈ ਮੂਕ ਦਰਸ਼ਕ ਨਹੀਂ ਰਹੇਗੀ।
ਭਾਜਪਾ ਦੀ ਤਮਿਲਨਾਡੂ ਇਕਾਈ ਦੇ ਜਨਰਲ ਸਕੱਤਰ ਕਾਰੂ ਨਾਗਰਾਜਨ ਨੇ ਸਬੰਧਤ ਯੂ-ਟਿਊਬ ਚੈਨਲ ਅਤੇ ਇਸ ਨਾਲ ਜੁਡ਼ੇ ਇਕ ਵਿਅਕਤੀ ਦਾ ਨਾਂ ਲੈਂਦੇ ਹੋਏ ਕਿਹਾ ਕਿ ਚੈਨਲ ਲਗਾਤਾਰ ਹਿੰਦੂ ਦੇਵੀ-ਦੇਵਤਿਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਅਤੇ ਉਨ੍ਹਾਂ ਨੂੰ ਅਸ਼ਲੀਲ ਤਰੀਕੇ ਨਾਲ ਪੇਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਇਸ ਚੈਨਲ ਨੇ ਭਗਵਾਨ ਨਟਰਾਜ ’ਤੇ ਇਕ ਵੀਡੀਓ ਪੋਸਟ ਕੀਤਾ ਸੀ ਅਤੇ ਇਹ ਅਸ਼ਲੀਲਤਾ ਦੀ ਆਖਰੀ ਹੱਦ ਹੈ ਅਤੇ ਇਸ ਨਾਲ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।