ਬਿਹਾਰ ’ਚ 28 ਲੋਕ ਸਭਾ ਸੀਟਾਂ ’ਤੇ ਚੋਣ ਲੜ ਸਕਦੀ ਹੈ ਭਾਜਪਾ

Thursday, Jun 22, 2023 - 02:17 PM (IST)

ਬਿਹਾਰ ’ਚ 28 ਲੋਕ ਸਭਾ ਸੀਟਾਂ ’ਤੇ ਚੋਣ ਲੜ ਸਕਦੀ ਹੈ ਭਾਜਪਾ

ਨਵੀਂ ਦਿੱਲੀ- ਸਮਝਿਆ ਜਾਂਦਾ ਹੈ ਕਿ ਭਾਰਤੀ ਜਨਤਾ ਪਾਰਟੀ ਨੇ 2024 ਦੀਆਂ ਸੰਸਦੀ ਚੋਣਾਂ ’ਚ ਬਿਹਾਰ ਦੀਆਂ 40 ਲੋਕ ਸਭਾ ਸੀਟਾਂ ’ਚੋਂ 28 ’ਤੇ ਚੋਣ ਲੜਣ ਦਾ ਫੈਸਲਾ ਕੀਤਾ ਹੈ। ਪਾਰਟੀ ਬਿਹਾਰ ’ਚ ਲੋਜਪਾ, ‘ਹਮ’ ਵਰਗੇ ਆਪਣੇ ਸਹਿਯੋਗੀਆਂ ਅਤੇ ਰਾਜਦ, ਜਦ (ਯੂ) ਤੇ ਕਾਂਗਰਸ ਤੋਂ ਟੁੱਟ ਕੇ ਆਉਣ ਵਾਲਿਆਂ ਨੂੰ 10-12 ਸੀਟਾਂ ਦੇ ਸਕਦੀ ਹੈ। 

ਹੁਣ ਇਹ ਸਪੱਸ਼ਟ ਰੂਪ ’ਚ ਸਾਹਮਣੇ ਆ ਰਿਹਾ ਹੈ ਕਿ ਚਿਰਾਗ ਪਾਸਵਾਨ ਭਾਜਪਾ ਦੇ ਇਕ ਪ੍ਰਮੁੱਖ ਸਹਿਯੋਗੀ ਹੋਣਗੇ, ਜਿਨ੍ਹਾਂ ਦਾ ਪਾਸਵਾਨਾਂ ਅਤੇ ਦਲਿਤ ਭਾਈਚਾਰੇ ’ਚ ਕਾਫ਼ੀ ਅਸਰ-ਰਸੂਖ ਹੈ, ਨਾ ਕਿ ਉਨ੍ਹਾਂ ਦੇ ਚਾਚਾ ਕੇਂਦਰੀ ਮੰਤਰੀ ਪਸ਼ੁਪਤੀ ਪਾਰਸ। ਇਹ ਕਾਫ਼ੀ ਹੱਦ ਤੱਕ ਚਿਰਾਗ ਪਾਸਵਾਨ ਹੀ ਸਨ, ਜਿਨ੍ਹਾਂ ਕਾਰਨ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਨਿਤੀਸ਼ ਕੁਮਾਰ ਦੀਆਂ ਵਿਧਾਨ ਸਭਾ ਸੀਟਾਂ ’ਚ ਗਿਰਾਵਟ ਆਈ ਅਤੇ ਰਾਜਦ ਸਿਖਰ ’ਤੇ ਉੱਭਰੀ। 

ਅਜਿਹੀਆਂ ਸੰਭਾਵਨਾਵਾਂ ਹਨ ਕਿ ਜਦੋਂ ਵੀ ਮੰਤਰੀਮੰਡਲ ’ਚ ਫੇਰਬਦਲ ਹੋਵੇਗਾ ਤਾਂ ਚਿਰਾਗ ਪਾਸਵਾਨ ਨੂੰ ਕੇਂਦਰੀ ਮੰਤਰੀਮੰਡਲ ’ਚ ਸ਼ਾਮਲ ਕੀਤਾ ਜਾ ਸਕਦਾ ਹੈ। ਇਕਜੁਟ ਲੋਜਪਾ ਨੇ 6 ਲੋਕ ਸਭਾ ਸੀਟਾਂ ਜਿੱਤੀਆਂ ਸਨ, ਜਦੋਂ ਕਿ ਭਾਜਪਾ ਨੇ 17, ਜਦ (ਯੂ) ਨੇ 16 ਸੀਟਾਂ ਅਤੇ ਕਾਂਗਰਸ ਨੂੰ ਸਿਰਫ ਇਕ ਸੀਟ ਮਿਲੀ ਸੀ। 

2024 ਦੀਆਂ ਆਮ ਚੋਣਾਂ ਦੀ ਰਣਨੀਤੀ ਤਿਆਰ ਕਰਨ ਲਈ ਦਿੱਲੀ ’ਚ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਦੇ ਨਿਵਾਸ ’ਤੇ ਬਿਹਾਰ ਭਾਜਪਾ ਦੇ ਕੋਰ ਗਰੁੱਪ ਦੀ ਬੈਠਕ ਹੋਈ, ਜਿਸ ’ਚ ਸੂਬਾ ਅਤੇ ਕੇਂਦਰੀ ਮੰਤਰੀਆਂ ਦੇ ਸਾਰੇ ਸੀਨੀਅਰ ਨੇਤਾਵਾਂ ਨੇ ਭਾਗ ਲਿਆ ਅਤੇ ਸਥਿਤੀ ਦਾ ਮੁਲਾਂਕਣ ਕੀਤਾ। ਨੇਤਾਵਾਂ ਦੇ ਸਮੂਹ ਨੇ ਬਾਅਦ ’ਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਢਾ ਨਾਲ ਮੁਲਾਕਾਤ ਕੀਤੀ ਅਤੇ ਮੋਟੇ ਤੌਰ ’ਤੇ ਫੈਸਲਾ ਕੀਤਾ ਕਿ ਪਾਰਟੀ ਨੂੰ ਘੱਟ ਤੋਂ ਘੱਟ 28 ਲੋਕ ਸਭਾ ਸੀਟਾਂ ’ਤੇ ਚੋਣਾਂ ਲੜਣੀਆਂ ਚਾਹੀਦੀ ਹਨ। 

ਸਾਬਕਾ ਕੇਂਦਰੀ ਮੰਤਰੀ ਉਪੇਂਦਰ ਕੁਸ਼ਵਾਹਾ ਦੀ ਪਾਰਟੀ ਨੂੰ 2 ਅਤੇ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਦੀ ‘ਹਮ’ ਨੂੰ ਇਕ ਸੀਟ ਮਿਲ ਸਕਦੀ ਹੈ। ਜੇਕਰ ਮੁਕੇਸ਼ ਸਾਹਨੀ ਦੀ ਵਿਕਾਸਸ਼ੀਲ ਇਨਸਾਨ ਪਾਰਟੀ (ਵੀ. ਆਈ. ਪੀ.) ਫਿਰ ਤੋਂ ਐੱਨ. ਡੀ. ਏ. ’ਚ ਸ਼ਾਮਲ ਹੋ ਜਾਂਦੀ ਹੈ ਤਾਂ ਉਸ ਨੂੰ ਇਕ ਲੋਕ ਸਭਾ ਸੀਟ ਦਿੱਤੀ ਜਾ ਸਕਦੀ ਹੈ।


author

Rakesh

Content Editor

Related News