ਭਾਜਪਾ ਦੇ ਰਾਜਿੰਦਰ ਸ਼ਰਮਾ ਬਣੇ ਜੰਮੂ ਦੇ ਨਵੇਂ ਮੇਅਰ, ਬਲੌਰੀਆ ਡਿਪਟੀ ਮੇਅਰ
Saturday, Oct 22, 2022 - 01:33 PM (IST)
ਜੰਮੂ (ਰੌਸ਼ਨੀ)– ਜੰਮੂ ਨਗਰ ਨਿਗਮ ਦੇ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਸ਼ੁੱਕਰਵਾਰ ਨੂੰ ਹੋਈਆਂ ਚੋਣਾਂ ’ਚ ਭਾਜਪਾ ਦੇ ਰਾਜਿੰਦਰ ਸ਼ਰਮਾ ਮੇਅਰ ਅਤੇ ਬਲਦੇਵ ਸਿੰਘ ਬਲੌਰੀਆ ਡਿਪਟੀ ਮੇਅਰ ਚੁਣੇ ਗਏ। ਚੁਣੇ ਗਏ ਮੇਅਰ ਅਤੇ ਡਿਪਟੀ ਮੇਅਰ ਨੂੰ ਸਿਰਫ ਇਕ ਸਾਲ ਦਾ ਕਾਰਜਕਾਲ ਮਿਲੇਗਾ।
ਸ਼ੁੱਕਰਵਾਰ ਨੂੰ ਜੰਮੂ ਨਗਰ ਨਿਗਮ ਦੇ ਹਾਊਸ ’ਚ ਹੋਈਆਂ ਚੋਣਾਂ ’ਚ ਰਾਜਿੰਦਰ ਸ਼ਰਮਾ ਨੂੰ 57 ਵੋਟਾਂ ਮਿਲੀਆਂ, ਜਦਕਿ ਇਕ ਵੋਟ ਰੱਦ ਹੋ ਗਈ ਅਤੇ ਇਕ ਵੋਟ ਕਾਂਗਰਸ ਉਮੀਦਵਾਰ ਦਵਾਰਕਾ ਚੌਧਰੀ ਨੂੰ ਮਿਲੀ। ਉੱਥੇ ਹੀ ਭਾਜਪਾ ਦੇ ਡਿਪਟੀ ਮੇਅਰ ਬਲਦੇਵ ਸਿੰਘ ਬਲੌਰੀਆ ਨੂੰ 58 ਵੋਟਾਂ ਮਿਲੀਆਂ, ਜਦੋਂ ਕਿ 2 ਵੋਟਾਂ ਰੱਦ ਹੋ ਗਈਆਂ। ਕਾਂਗਰਸ ਨੇ ਓਪਨ ਬੈਲਟ ਰਾਹੀਂ ਚੋਣ ਕਰਵਾਉਣ ’ਤੇ ਚੋਣ ਦਾ ਬਾਈਕਾਟ ਕੀਤਾ।
ਮੇਅਰ ਦੇ ਅਹੁਦੇ ਲਈ ਭਾਜਪਾ ਦੇ ਵਾਰਡ-16 ਤੋਂ ਕੌਂਸਲਰ ਰਾਜਿੰਦਰ ਸ਼ਰਮਾ ਅਤੇ ਵਾਰਡ-46 ਤੋਂ ਕਾਂਗਰਸੀ ਕੌਂਸਲਰ ਦਵਾਰਕਾ ਚੌਧਰੀ ਵਿਚਾਲੇ ਮੁਕਾਬਲਾ ਸੀ। ਉੱਥੇ ਹੀ ਡਿਪਟੀ ਮੇਅਰ ਦੇ ਅਹੁਦੇ ਲਈ ਭਾਜਪਾ ਨੇ ਬਲਦੇਵ ਸਿੰਘ ਬਲੌਰੀਆ ਅਤੇ ਕਾਂਗਰਸ ਨੇ ਸੋਨਿਕਾ ਸ਼ਰਮਾ ਨੂੰ ਮੈਦਾਨ ’ਚ ਉਤਾਰਿਆ। ਸੋਨਿਕਾ ਸ਼ਹਿਰ ਦੀ ਵਾਰਡ-30 ਦੀ ਕੌਂਸਲਰ ਹੈ, ਜਦੋਂ ਸੋਨਿਕਾ 2018 ’ਚ ਕੌਂਸਲਰ ਬਣੀ ਤਾਂ ਸੰਸਕ੍ਰਿਤ ’ਚ ਸਹੁੰ ਚੁੱਕਣ ਕਾਰਨ ਸੁਰਖੀਆਂ ’ਚ ਆਈ ਸੀ।
ਜੰਮੂ-ਕਸ਼ਮੀਰ ਭਾਜਪਾ ਦੇ ਪ੍ਰਧਾਨ ਰਵਿੰਦਰ ਰੈਨਾ ਨੇ ਮੇਅਰ ਰਾਜਿੰਦਰ ਸ਼ਰਮਾ ਅਤੇ ਡਿਪਟੀ ਮੇਅਰ ਬਲਦੇਵ ਸਿੰਘ ਬਲੌਰੀਆ ਨੂੰ ਵਧਾਈ ਦਿੱਤੀ ਅਤੇ ਸਾਰੇ ਕੌਂਸਲਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੇਅਰ ਤੇ ਡਿਪਟੀ ਮੇਅਰ ਸਾਰਿਆਂ ਦੇ ਹੁੰਦੇ ਹਨ ਤੇ ਸਾਰੇ ਮਿਲ ਕੇ ਕੰਮ ਕਰਨਗੇ।