ਬੰਗਾਲ ’ਚ ਮੁੜ ਭੜਕੀ ਹਿੰਸਾ; ਭਾਜਪਾ ਦੇ ਮਾਰਚ ਦੌਰਾਨ ਪਥਰਾਅ, ਸਾੜ-ਫੂਕ ਤੇ ਲਾਠੀਚਾਰਜ

Wednesday, Sep 14, 2022 - 11:50 AM (IST)

ਕੋਲਕਾਤਾ (ਅਨਸ)- ਪੱਛਮੀ ਬੰਗਾਲ ’ਚ ਭ੍ਰਿਸ਼ਟਾਚਾਰ ਨੂੰ ਲੈ ਕੇ ਮਮਤਾ ਸਰਕਾਰ ਖਿਲਾਫ਼ ਭਾਜਪਾ ਨੇ ‘ਨਬੰਨਾ ਮੁਹਿੰਮ’ ਵਿੱਢੀ ਹੈ। ਭਾਜਪਾ ਦੀ ਇਸ ਮੁਹਿੰਮ ਨੇ ਮੰਗਲਵਾਰ ਨੂੰ ਹਿੰਸਕ ਰੂਪ ਲੈ ਲਿਆ। ਇਸ ਦੌਰਾਨ ਕਈ ਥਾਵਾਂ ’ਤੇ ਪਾਰਟੀ ਵਰਕਰਾਂ ਅਤੇ ਪੁਲਸ ਵਿਚਾਲੇ ਝੜਪ ਹੋ ਗਈ। ਕੋਲਕਾਤਾ ’ਚ ‘ਨਬੰਨਾ ਚਲੋ ਮਾਰਚ’ ਦਰਮਿਆਨ ਪੁਲਸ ਦੀ ਗੱਡੀ ’ਚ ਅੱਗ ਲਾ ਦਿੱਤੀ ਗਈ। ਇਸ ਤੋਂ ਇਲਾਵਾ ਹਾਵੜਾ ’ਚ ਪੁਲਸ ’ਤੇ ਪਥਰਾਅ ਹੋਇਆ। ਸੂਬਾ ਸਕੱਤਰੇਤ ਵੱਲ ਵਧ ਰਹੇ ਭਾਜਪਾ ਦੇ ਮਾਰਚ ਨੂੰ ਰੋਕੇ ਜਾਣ ਕਾਰਨ ਹਾਵੜਾ ਦੇ ਸੰਤਰਾਗਾਚੀ ਅਤੇ ਹਾਵੜਾ ਮੈਦਾਨ ਤੋਂ ਕੋਲਕਾਤਾ ਤੱਕ ਦਾ ਇਲਾਕਾ ਜੰਗ ਦੇ ਮੈਦਾਨ ’ਚ ਤਬਦੀਲ ਹੋ ਗਿਆ।  ਇਸ ਦੌਰਾਨ ਭੀੜ ਹਿੰਸਕ ਹੋ ਗਈ । ਪੱਥਰਬਾਜ਼ੀ ਅਤੇ ਸਾੜ-ਫੂਕ ਵੀ ਹੋਈ।

ਜਿਵੇਂ ਹੀ ਭਾਜਪਾ ਵਰਕਰ ਸੰਤਰਾਗਾਚੀ ਬੱਸ ਸਟੈਂਡ ਕੋਲੋਂ ਅੱਗੇ ਵਧੇ ਤਾਂ ਪੁਲਸ ਨੇ ਉਨ੍ਹਾਂ ਨੂੰ ਰੋਕ ਲਿਆ। ਇਸ ਤੋਂ ਬਾਅਦ ਭਾਜਪਾ ਵਰਕਰਾਂ ਨੇ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਪੁਲਸ ਨਾਲ ਵਰਕਰਾਂ ਦੀ ਹਿੰਸਕ ਝੜਪ ਹੋ ਗਈ। ਇਸ ਦੌਰਾਨ ਪੁਲਸ ’ਤੇ ਪਥਰਾਅ ਕੀਤਾ ਗਿਆ। ਇਸ ਤੋਂ ਬਾਅਦ ਪੁਲਸ ਨੇ ਲਾਠੀਚਾਰਜ ਕਰਦੇ ਹੋਏ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਪਾਣੀ ਦੀਆਂ ਤੋਪਾਂ ਦੀ ਵਰਤੋਂ ਕੀਤੀ। ਇਸ ਵਿਚ ਕਈ ਭਾਜਪਾ ਵਰਕਰ ਜ਼ਖ਼ਮੀ ਹੋ ਗਏ।

ਭੜਕੀ ਭੀੜ ਨੇ ਪੁਲਸ ਦੀ ਇਕ ਮੋਟਰ ਗੱਡੀ ਨੂੰ ਅੱਗ ਲਾ ਦਿੱਤੀ। ਬਹੁਤ ਤਣਾਅ ਵਾਲੀ ਸਥਿਤੀ ਬਣ ਗਈ। ਪੁਲਸ ਵੱਲੋਂ ਇਜਾਜ਼ਤ ਨਾ ਮਿਲਣ ਦੇ ਬਾਵਜੂਦ ਭਾਜਪਾ ਵਰਕਰ ਰੋਸ ਮਾਰਚ ਕੱਢਣ ’ਤੇ ਅੜੇ ਰਹੇ। ਮੁਹਿੰਮ ਸ਼ੁਰੂ ਹੋਣ ਤੋਂ ਪਹਿਲਾਂ ਪੁਲਸ ਨੇ ਹੁਗਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਲਾਕੇਟ ਚੈਟਰਜੀ, ਭਾਜਪਾ ਨੇਤਾ ਰਾਹੁਲ ਸਿਨਹਾ ਅਤੇ ਸੁਭੇਂਦੂ ਅਧਿਕਾਰੀ ਸਮੇਤ ਹੋਰ ਨੇਤਾਵਾਂ ਨੂੰ ਦੂਜੇ ਹੁਗਲੀ ਪੁੱਲ ਨੇੜਿਓਂ ਹਿਰਾਸਤ ਵਿਚ ਲੈ ਲਿਆ। ਇਹ ਸਾਰੇ ਆਗੂ ਮਾਰਚ ਦੀ ਅਗਵਾਈ ਕਰਨ ਲਈ ਸੰਤਰਾਗਾਚੀ ਵੱਲ ਜਾ ਰਹੇ ਸਨ। ਪੁਲਸ ਨੇ ਇਨ੍ਹਾਂ ਆਗੂਆਂ ਨੂੰ ਆਪਣੀਆਂ ਗੱਡੀਆਂ ਵਿਚ ਬਿਠਾ ਲਿਆ। ਇਸ ਤੋਂ ਬਾਅਦ ਝੜਪ ਹੋ ਗਈ। ਪੁਲਸ ਨੇ ਵੱਡੀ ਗਿਣਤੀ ਵਿੱਚ ਵਰਕਰਾਂ ਨੂੰ ਹਿਰਾਸਤ ਵਿਚ ਲੈ ਲਿਆ। ਬੋਲਪੁਰ ਰੇਲਵੇ ਸਟੇਸ਼ਨ ’ਤੇ ਵੀ ਝੜਪਾਂ ਹੋਈਆਂ। ਕੋਲਕਾਤਾ ’ਚ ਵੀ ਪੁਲਸ ਅਤੇ ਭਾਜਪਾ ਵਰਕਰਾਂ ਵਿਚਾਲੇ ਝੜਪ ਹੋਈ।

ਨਬੰਨਾ ਮੁਹਿੰਮ ਕੀ ਹੈ?
ਜੇਕਰ ਨਬੰਨਾ ਮੁਹਿੰਮ ਦੀ ਗੱਲ ਕਰੀਏ ਤਾਂ ਭਾਜਪਾ ਲਗਾਤਾਰ ਪੱਛਮੀ ਬੰਗਾਲ ਸਰਕਾਰ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾ ਰਹੀ ਹੈ। ਇਨ੍ਹਾਂ ਦੋਸ਼ਾਂ ਨੂੰ ਲੈ ਕੇ ਭਾਜਪਾ ਨੇ ਨਬੰਨਾ ਮੁਹਿੰਮ ਸ਼ੁਰੂ ਕਰ ਦਿੱਤੀ ਹੈ, ਜਿਸ ਰਾਹੀਂ ਪੱਛਮੀ ਬੰਗਾਲ ਸਰਕਾਰ ਨੂੰ ਘੇਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਮੁਹਿੰਮ ਵਿਚ ਭਾਜਪਾ ਵਰਕਰਾਂ ਵਲੋਂ ਨਬੰਨਾ ਵੱਲ ਮਾਰਚ ਕਰਨ ਦਾ ਫੈਸਲਾ ਕੀਤਾ ਗਿਆ। ਨਬ ਦਾ ਅਰਥ ਹੈ ਨਵਾਂ। ਭਾਜਪਾ ਨੇ ਮਮਤਾ ਸਰਕਾਰ ਦੇ ਭ੍ਰਿਸ਼ਟਾਚਾਰ ਵਿਰੁੱਧ ਆਪਣੀ ਮੁਹਿੰਮ ਦਾ ਨਾਂ ‘ਨਬੰਨਾ ਚਲੋ ਅਭਿਆਨ’ ਰੱਖਿਆ ਹੈ ਕਿਉਂਕਿ ਉਹ ਸਕੱਤਰੇਤ ਪਹੁੰਚ ਕੇ ਵਿਰੋਧ ਕਰਨਾ ਚਾਹੁੰਦੇ ਸਨ।


Tanu

Content Editor

Related News