ਜਨਮ ਦਿਨ ਦੀ ਪਾਰਟੀ ''ਚ ਵਾਪਰੀ ਵੱਡੀ ਵਾਰਦਾਤ: 16 ਸਾਲਾ ਨੌਜਵਾਨ ਦਾ ਗੋਲੀ ਮਾਰ ਕਤਲ
Tuesday, Dec 24, 2024 - 02:29 PM (IST)
ਪਟਨਾ : ਪਟਨਾ ਦੇ ਸ਼੍ਰੀ ਕ੍ਰਿਸ਼ਨਾ ਪੁਰੀ ਇਲਾਕੇ 'ਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਜਨਮ ਦਿਨ ਦੀ ਪਾਰਟੀ ਦੌਰਾਨ ਇਕ 16 ਸਾਲਾ ਨੌਜਵਾਨ ਦਾ ਅਣਪਛਾਤੇ ਵਿਅਕਤੀ ਵਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਸਕੱਤਰੇਤ 2 ਦੇ ਸਬ-ਡਿਵੀਜ਼ਨਲ ਪੁਲਸ ਅਧਿਕਾਰੀ (ਐੱਸਡੀਪੀਓ) ਸਾਕੇਤ ਕੁਮਾਰ ਨੇ ਮੰਗਲਵਾਰ ਨੂੰ ਦੱਸਿਆ ਕਿ ਇਹ ਘਟਨਾ ਗਾਂਧੀ ਨਗਰ ਇਲਾਕੇ ਦੇ ਮਕਾਨ ਨੰਬਰ 54 ਵਿੱਚ ਸੋਮਵਾਰ ਰਾਤ 11.30 ਵਜੇ ਵਾਪਰੀ। ਇਸ ਘਟਨਾ ਦੌਰਾਨ ਜਨਮ ਦਿਨ ਦੀ ਪਾਰਟੀ ਚੱਲ ਰਹੀ ਸੀ।
ਇਸ ਮਾਮਲੇ ਦੇ ਸਬੰਧ ਵਿਚ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ, "ਘਰ 'ਤੇ ਗੋਲੀਬਾਰੀ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚ ਗਈ। ਜਦੋਂ ਤੱਕ ਪੁਲਸ ਉਕਤ ਸਥਾਨ 'ਤੇ ਪਹੁੰਚੀ, ਉਦੋਂ ਤੱਕ ਕਿਸ਼ੋਰ ਨੂੰ ਨੇੜਲੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇਲਾਜ ਦੌਰਾਨ ਉਸਦੀ ਮੌਤ ਹੋ ਗਈ ਸੀ।" ਐੱਸਡੀਪੀਓ ਨੇ ਦੱਸਿਆ ਕਿ ਪੁਲਸ ਨੇ ਕੇਸ ਦਰਜ ਕਰ ਲਿਆ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ, "ਪੀੜਤ ਅਤੇ ਮੁਲਜ਼ਮ ਦੀ ਪਛਾਣ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।"