ਬਰਡ ਫਲੂ ਦੀ ਆਫ਼ਤ: ਕੇਂਦਰ ਸਰਕਾਰ ਦੀ ਟੀਮ ਪੁੱਜੀ ਕੇਰਲ
Thursday, Jan 07, 2021 - 05:19 PM (IST)
ਕੇਰਲ— ਅਲਪੁੱਝਾ ਅਤੇ ਕੋਟਾਯਮ ਜ਼ਿਲਿ੍ਹਆਂ ’ਚ ਬਰਡ ਫਲੂ ਦੀ ਆਫ਼ਤ ਦੇ ਮੱਦੇਨਜ਼ਰ ਹਾਲਾਤ ਦਾ ਜਾਇਜ਼ਾ ਲੈਣ ਲਈ ਕੇਂਦਰ ਸਰਕਾਰ ਦੀ ਤਿੰਨ ਮੈਂਬਰੀ ਟੀਮ ਵੀਰਵਾਰ ਨੂੰ ਇੱਥੇ ਪੁੱਜੀ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਟੀਮ ਵਿਚ ਕੇਂਦਰੀ ਸਿਹਤ ਮੰਤਰਾਲਾ ਦੀ ਜਨ ਸਿਹਤ ਮਾਹਰ ਡਾ. ਰੁਚੀ ਜੈਨ, ਰਾਸ਼ਟਰੀ ਵਿਸ਼ਾਣੂ ਵਿਗਿਆਨ ਸੰਸਥਾ, ਪੁਣੇ ਦੇ ਵਿਗਿਆਨਕ ਡਾਕਟਰ ਸ਼ੈਲੇਦ ਪਵਾਰ ਅਤੇ ਰਾਮ ਮਨੋਹਰ ਲੋਹੀਆਂ ਹਸਪਤਾਲ, ਦਿੱਲੀ ਦੇ ਡਾਕਟਰ ਅਨਿਥ ਜ਼ਿੰਦਲ ਸ਼ਾਮਲ ਹੈ। ਟੀਮ ਨੇ ਇੱਥੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਹਾਲਾਤ ’ਤੇ ਚਰਚਾ ਕੀਤੀ।
ਸੂਬਾ ਸਰਕਾਰ ਦੇ ਬਿਆਨ ਮੁਤਾਬਕ ਬਰਡ ਫਲੂ ਨੂੰ ਕੰਟਰੋਲ ਕਰਨ ਲਈ ਬਤਖ਼ਾਂ ਅਤੇ ਚੂਚਿਆਂ ਸਮੇਤ 69,000 ਤੋਂ ਜ਼ਿਆਦਾ ਪੰਛੀਆਂ ਨੂੰ ਬੁੱਧਵਾਰ ਨੂੰ ਅਲਪੁੱਝਾ ਅਤੇ ਕੋਟਾਯਾਮ ਜ਼ਿਲਿ੍ਹਆਂ ਵਿਚ ਮਾਰ ਦਿੱਤਾ ਗਿਆ। ਸ਼ੁਰੂਆਤ ਵਿਚ ਬਰਡ ਫਲੂ ਦੇ ਮਾਮਲੇ ਅਲਪੁੱਝਾ ਜ਼ਿਲ੍ਹੇ ਦੇ ਕੁੱਟਾਨਾਦ ਖੇਤਰ ਦੀਆਂ 4 ਪੰਚਾਇਤਾਂ ਨੇਦੁਮੁਦੀ, ਤਕਾਜੀ, ਪੱਲੀਪੜ ਅਤੇ ਕਾਰੂਵਾਤਾ ਤੇ ਕੋਟਾਯਮ ਜ਼ਿਲ੍ਹੇ ਦੇ ਨੀਂਦੂਰ ਵਿਚ ਆਏ ਸਨ। ਦੋਹਾਂ ਜ਼ਿਲਿ੍ਹਆਂ ਤੋਂ ਇਲਾਵਾ ਜਿੱਥੇ-ਜਿੱਥੇ ਬਰਡ ਫਲੂ ਫੈਲਣ ਦਾ ਸ਼ੱਕ ਹੈ, ਉੱਥੇ ਪੰਛੀਆਂ ਨੂੰ ਮਾਰਨ ਲਈ 19 ਤੁਰੰਤ ਪ੍ਰਤੀਕਿਰਿਆ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।
ਓਧਰ ਸੂਬੇ ਦੇ ਪਸ਼ੂ ਪਾਲਣ ਮੰਤਰੀ ਕੇ. ਰਾਜੂ ਨੇ ਕਿਹਾ ਕਿ ਬਰਡ ਫਲੂ ਵਾਇਰਸ ਦੇ ਅਜੇ ਤੱਕ ਮਨੁੱਖਾਂ ’ਚ ਆਉਣ ਦੀ ਕੋਈ ਸੂਚਨਾ ਨਹੀਂ ਹੈ। ਪ੍ਰਸ਼ਾਸਨ ਨੇ ਪ੍ਰਭਾਵਿਤ ਖੇਤਰਾਂ ’ਚ ਪੰਛੀਆਂ ਦੇ ਮਾਸ ਅਤੇ ਆਂਡੇ ਖਾਣ ’ਤੇ ਪਾਬੰਦੀ ਲਾ ਦਿੱਤੀ ਹੈ। ਸੂਬਾ ਸਰਕਾਰ ਨੇ ਉਨ੍ਹਾਂ ਕਿਸਾਨਾਂ ਨੂੰ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਹੈ, ਜਿਨ੍ਹਾਂ ਦੇ ਪੰਛੀਆਂ ਨੂੰ ਮਾਰਿਆ ਜਾ ਰਿਹਾ ਹੈ। ਦੋ ਮਹੀਨੇ ਤੱਕ ਦੇ ਪੰਛੀਆਂ ਲਈ 200 ਰੁਪਏ ਅਤੇ ਦੋ ਮਹੀਨੇ ਤੋਂ ਘੱਟ ਦੇ ਪੰਛੀਆਂ ਲਈ 100 ਰੁਪਏ ਦੀ ਦਰ ਨਾਲ ਮਦਦ ਦਿੱਤੀ ਜਾਵੇਗੀ।