ਇਸ ਭਾਰਤੀ ਕੰਪਨੀ ਨੂੰ ਮਿਲੀ ਕੋਵਿਡ-19 ਦੀ ਦਵਾਈ ''Favipiravir'' ਬਣਾਉਣ ਦੀ ਇਜਾਜ਼ਤ
Tuesday, Jul 14, 2020 - 04:43 PM (IST)
ਹੈਦਰਾਬਾਦ (ਭਾਸ਼ਾ) : ਬਾਇਓਫੋਰ ਇੰਡੀਆ ਫਾਰਮਾਸਿਉਟੀਕਲਸ ਨੂੰ ਕੰਟਰੋਲਰ ਜਨਰਲ ਆਫ਼ ਇੰਡੀਅਨ ਮੈਡੀਸਨਜ਼ (ਡੀ.ਸੀ.ਜੀ.ਆਈ.) ਵੱਲੋਂ ਕੋਵਿਡ-19 ਦੇ ਇਲਾਜ ਵਿਚ ਇਸਤੇਮਾਲ ਹੋਣ ਵਾਲੀ 'ਫੇਵੀਪਿਰਾਵਿਰ' ਦਵਾਈ ਦੇ ਨਿਰਮਾਣ ਦਾ ਲਾਈਸੈਂਸ ਮਿਲ ਗਿਆ ਹੈ। ਇਸ ਦਵਾਈ ਦੀ ਵਰਤੋਂ ਕੋਰੋਨਾ ਵਾਇਰਸ ਦੇ ਮਾਮੂਲੀ ਤੋਂ ਲੈ ਕੇ ਅੰਸ਼ਕ ਲੱਛਣਾਂ ਵਾਲੇ ਮਰੀਜ਼ਾਂ ਦੇ ਇਲਾਜ ਵਿਚ ਕੀਤੀ ਜਾ ਰਹੀ ਹੈ।
ਡੀ.ਸੀ.ਜੀ.ਆਈ. ਨੇ ਇਸ ਦਵਾਈ ਦੇ ਨਿਰਮਾਣ ਵਿਚ ਇਸਤੇਮਾਲ ਹੋਣ ਵਾਲੇ ਕੱਚੇ ਮਾਲ (ਏ.ਪੀ.ਆਈ.) ਨੂੰ ਭਾਰਤ ਵਿਚ ਬਣਾਉਣ ਦਾ ਲਾਈਸੈਂਸ ਦੇਣ ਦੇ ਨਾਲ-ਨਾਲ ਇਸ ਦੇ ਨਿਰਯਾਤ ਦੀ ਵੀ ਇਜਾਜ਼ਤ ਦੇ ਦਿੱਤੀ ਹੈ। ਇਸ ਦੇ ਇਲਾਵਾ ਕੰਪਨੀ ਨੂੰ ਤੁਰਕੀ ਵਿਚ ਇਕ ਸਥਾਨਕ ਸਾਂਝੇਦਾਰ ਨਾਲ ਏ.ਪੀ.ਆਈ. ਨੂੰ ਨਿਰਯਾਤ ਕਰਣ ਦਾ ਵੀ ਲਾਈਸੈਂਸ ਮਿਲਿਆ ਹੈ। ਬਾਇਓਫੋਰ ਇੰਡੀਆ ਨੇ ਕਿਹਾ ਕਿ ਉਹ ਭਾਰਤ ਵਿਚ ਇਨ੍ਹਾਂ ਉਤਪਾਦਾਂ ਦੇ ਵਪਾਰੀਕਰਣ ਲਈ ਕਈ ਭਾਰਤੀ ਕੰਪਨੀਆਂ ਨਾਲ ਗੱਲ ਕਰ ਰਹੀ ਹੈ। ਉਥੇ ਹੀ ਉਹ ਨਿਰਯਾਤ ਲਈ ਬੰਗਲਾਦੇਸ਼ ਅਤੇ ਮਿਸਰ ਦੀਆਂ ਕੰਪਨੀਆਂ ਨਾਲ ਵੀ ਗੱਲਬਾਤ ਕਰ ਰਹੀ ਹੈ। ਬਾਇਓਫੋਰ ਦੇ ਸੰਸਥਾਪਕ ਅਤੇ ਮੁੱਖ ਜਾਂਚ ਅਧਿਕਾਰੀ ਮਾਨਿਕ ਰੈੱਡੀ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਤੇਜ਼ੀ ਨਾਲ ਵੱਧ ਰਹੀ ਹੈ। ਅਜਿਹੇ ਵਿਚ ਦਵਾਈ ਕੰਪਨੀਆਂ ਨੂੰ ਆਪਣੀਆਂ ਗਤੀਵਿਧੀਆਂ ਤੇਜ਼ ਕਰਕੇ ਸੁਰੱਖਿਆ ਨਾਲ ਕੋਈ ਸਮਝੌਤਾ ਕੀਤੇ ਬਿਨਾਂ ਜਲਦ ਤੋਂ ਜਲਦ ਇਸ ਦਾ ਹੱਲ ਵਿਕਸਿਤ ਕਰਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਬਾਇਓਫੋਰ ਫੇਰੀਪਿਰਾਵਿਰ ਨੂੰ ਬਣਾਉਣ ਵਿਚ ਉੱਚ ਗੁਣਵੱਤਾ ਮਾਣਕ ਯਕੀਨੀ ਕਰੇਗੀ।