ਚੋਣ ਕਮਿਸ਼ਨਰਾਂ ਦੀ ਨਿਯੁਕਤੀ ਲਈ ਰਾਜ ਸਭਾ ’ਚ ਬਿੱਲ ਪੇਸ਼, ਚੀਫ ਜਸਟਿਸ ਨਹੀਂ ਹੋਣਗੇ ਚੋਣ ਕਮੇਟੀ ’ਚ

Friday, Aug 11, 2023 - 10:53 AM (IST)

ਚੋਣ ਕਮਿਸ਼ਨਰਾਂ ਦੀ ਨਿਯੁਕਤੀ ਲਈ ਰਾਜ ਸਭਾ ’ਚ ਬਿੱਲ ਪੇਸ਼, ਚੀਫ ਜਸਟਿਸ ਨਹੀਂ ਹੋਣਗੇ ਚੋਣ ਕਮੇਟੀ ’ਚ

ਨਵੀਂ ਦਿੱਲੀ (ਭਾਸ਼ਾ)- ਸਰਕਾਰ ਨੇ ਵੀਰਵਾਰ ਨੂੰ ਵਿਰੋਧੀ ਧਿਰ ਦੇ ਹੰਗਾਮੇ ਦਰਮਿਆਨ ਇਕ ਵਿਵਾਦਗ੍ਰਸਤ ਬਿੱਲ ਪੇਸ਼ ਕੀਤਾ, ਜਿਸ ’ਚ ਮੁੱਖ ਚੋਣ ਕਮਿਸ਼ਨਰ ਅਤੇ ਚੋਣ ਕਮਿਸ਼ਨਰਾਂ ਦੀ ਚੋਣ ਲਈ ਕਮੇਟੀ ’ਚ ਚੀਫ ਜਸਟਿਸ ਦੀ ਥਾਂ ’ਤੇ ਇਕ ਕੈਬਨਿਟ ਮੰਤਰੀ ਨੂੰ ਸ਼ਾਮਲ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਹੈ। ਸੁਪਰੀਮ ਕੋਰਟ ਨੇ ਮਾਰਚ ’ਚ ਇਕ ਇਤਿਹਾਸਕ ਫੈਸਲਾ ਦਿੱਤਾ ਸੀ ਕਿ ਮੁੱਖ ਚੋਣ ਕਮਿਸ਼ਨਰ ਅਤੇ ਚੋਣ ਕਮਿਸ਼ਨਰਾਂ ਦੀਆਂ ਨਿਯੁਕਤੀਆਂ ਪ੍ਰਧਾਨ ਮੰਤਰੀ, ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਅਤੇ ਚੀਫ ਜਸਟਿਸ ਦੀ ਮੈਂਬਰਸ਼ਿਪ ਵਾਲੀ ਇਕ ਕਮੇਟੀ ਦੀ ਸਲਾਹ ’ਤੇ ਰਾਸ਼ਟਰਪਤੀ ਵਲੋਂ ਕੀਤੀਆਂ ਜਾਣਗੀਆਂ। ਅਦਾਲਤ ਨੇ ਕਿਹਾ ਸੀ ਕਿ ਇਹ ਮਾਪਦੰਡ ਉਦੋਂ ਤੱਕ ਪ੍ਰਭਾਵੀ ਰਹਿਣਗੇ ਜਦੋਂ ਤੱਕ ਕਿ ਇਸ ਮੁੱਦੇ ’ਤੇ ਸੰਸਦ ’ਚ ਕੋਈ ਕਾਨੂੰਨ ਨਹੀਂ ਬਣ ਜਾਂਦਾ।

ਇਹ ਵੀ ਪੜ੍ਹੋ : ਲੋਕ ਸਭਾ 'ਚ PM ਮੋਦੀ ਬੋਲੇ- ਵਿਰੋਧੀ ਧਿਰ ਦਾ ਬੇਭਰੋਸਗੀ ਮਤਾ ਸਾਡੇ ਲਈ ਸ਼ੁੱਭ ਹੁੰਦੈ

ਕਾਨੂੰਨ ਅਤੇ ਨਿਆਂ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਮੁੱਖ ਚੋਣ ਕਮਿਸ਼ਨਰ ਅਤੇ ਹੋਰ ਚੋਣ ਕਮਿਸ਼ਨਰ (ਨਿਯੁਕਤੀ, ਸੇਵਾ ਸ਼ਰਤਾਂ ਅਤੇ ਅਹੁਦੇ ਦੀ ਮਿਆਦ) ਬਿੱਲ, 2023 ਮੁੜ ਪੇਸ਼ ਕੀਤਾ। ਵਿਰੋਧੀ ਮੈਂਬਰਾਂ ਦੇ ਵਿਰੋਧ ਵਿਚਾਲੇ ਉਨ੍ਹਾਂ ਨੇ ਇਹ ਬਿੱਲ ਸਦਨ ’ਚ ਪੇਸ਼ ਕੀਤਾ। ਕਾਂਗਰਸ ਸਮੇਤ ਵੱਖ-ਵੱਖ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਸਰਕਾਰ ’ਤੇ ਸੰਵਿਧਾਨ ਬੈਂਚ ਦੇ ਹੁਕਮ ਨੂੰ ਕਮਜ਼ੋਰ ਕਰਨ ਦਾ ਦੋਸ਼ ਲਾਇਆ। ਉੱਥੇ ਹੀ ਮਣੀਪੁਰ ਹਿੰਸਾ ’ਤੇ ਚਰਚਾ ਨੂੰ ਲੈ ਕੇ ਵੀਰਵਾਰ ਨੂੰ ਵੀ ਰਾਜ ਸਭਾ ’ਚ ਡੈੱਡਲਾਕ ਦੂਰ ਨਹੀਂ ਹੋ ਸਕਿਆ ਅਤੇ ਹੰਗਾਮੇ ਕਾਰਨ ਉੱਚ ਸਦਨ ਦੀ ਕਾਰਵਾਈ ਇਕ ਵਾਰ ਮੁਲਤਵੀ ਕਰਨ ਤੋਂ ਬਾਅਦ ਬਾਅਦ ਦੁਪਹਿਰ ਲਗਭਗ 2 ਵੱਜ ਕੇ 35 ਮਿੰਟ ’ਤੇ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ।

ਫਿਰ ਉੱਠਿਆ ਟਮਾਟਰ ਦਾ ਮੁੱਦਾ

ਰਾਜ ਸਭਾ ’ਚ ਵੀਰਵਾਰ ਨੂੰ ਇਕ ਵਾਰ ਫਿਰ ਟਮਾਟਰ ਦਾ ਮੁੱਦਾ ਉੱਠਿਆ ਅਤੇ ਸੱਤਾ ਤੇ ਵਿਰੋਧੀ ਧਿਰ ਦੇ ਮੈਂਬਰਾਂ ਨੇ ਇਕ-ਦੂਜੇ ’ਤੇ ਵਿਅੰਗ ਕਸੇ। ਸਭਾਪਤੀ ਜਗਦੀਪ ਧਨਖੜ ਨੇ ਲੰਚ ਬ੍ਰੇਕ ਤੋਂ ਬਾਅਦ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਗੁਪਤਾ ਨੇ ਸਦਨ ਦੇ ਅੰਦਰ ਟਮਾਟਰ ਦੀ ਮਾਲਾ ਪਹਿਨ ਕੇ ਉਸ ਦੀ ਮਰਿਆਦਾ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਨੂੰ ਸੀਨੀਅਰਾਂ ਤੋਂ ਸਦਨ ਦੀਆਂ ਰਵਾਇਤਾਂ ਬਾਰੇ ਜਾਨਣਾ ਚਾਹੀਦਾ ਹੈ। ਗੁਪਤਾ ਦਾ ਇਹ ਕਦਮ ਮੁਆਫ ਕਰਨ ਯੋਗ ਨਹੀਂ ਹੈ ਅਤੇ ਉਨ੍ਹਾਂ ਦਾ ਵਿਵਹਾਰ ਸਹਿਣ ਨਹੀਂ ਕੀਤਾ ਜਾ ਸਕਦਾ। ਧਨਖੜ ਨੇ ਕਿਹਾ ਕਿ ਇਸ ਮਾਮਲੇ ’ਤੇ ਸੀਨੀਅਰ ਮੈਂਬਰਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਉਨ੍ਹਾਂ ਨੂੰ ਮੁਆਫ ਕੀਤਾ ਜਾ ਰਿਹਾ ਹੈ ਪਰ ਇਹ ਦੁਬਾਰਾ ਨਹੀਂ ਹੋਣਾ ਚਾਹੀਦਾ ਹੈ ਅਤੇ ਇਸ ਘਟਨਾ ਨੂੰ ਉਦਾਹਰਣ ਦੇ ਤੌਰ ’ਤੇ ਨਹੀਂ ਲਿਆ ਜਾਣਾ ਚਾਹੀਦਾ ਹੈ। ਗੁਪਤਾ ਨੇ ਆਪਣੇ ਵਿਵਹਾਰ ਲਈ ਮੁਆਫੀ ਦੀ ਅਪੀਲ ਵੀ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

DIsha

Content Editor

Related News