ਵੱਡਾ ਰੇਲ ਹਾਦਸਾ: ਬੀਕਾਨੇਰ ਐਕਸਪ੍ਰੈੱਸ ਪਟਰੀ ਤੋਂ ਉਤਰੀ, 3 ਦੀ ਮੌਤ, ਕਈ ਜ਼ਖ਼ਮੀ
Thursday, Jan 13, 2022 - 06:42 PM (IST)
ਨੈਸ਼ਨਲ ਡੈਸਕ– ਪੱਛਮੀ ਬੰਗਾਲ ਦੇ ਜਲਪਾਈਗੁੜੀ ਇਲਾਕੇ ਦੇ ਮੈਨਗੁੜੀ ’ਚ ਬੀਕਾਨੇਰ ਐਕਸਪ੍ਰੈੱਸ (15633) ਪਟਰੀ ਤੋਂ ਉਤਰ ਗਈ। ਹਾਦਸੇ ’ਚ 3 ਲੋਕਾਂ ਦੀ ਮੌਤ ਅਤੇ ਕਈ ਸਵਾਰੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਰੇਲ ਦੇ 12 ਡੱਬੇ ਪਟਰੀ ਤੋਂ ਉਤਰ ਗਏ ਹਨ। ਇਹ ਰੇਲ ਬੀਕਾਨੇਰ ਤੋਂ ਗੁਹਾਟੀ ਜਾ ਰਹੀ ਸੀ। ਇਸ ਵਿਚਕਾਰ ਮੈਨਗੁੜੀ ਪਾਰ ਕਰਦੇ ਸਮੇਂ ਇਹ ਹਾਦਸਾ ਹੋਇਆ। ਸੂਚਨਾ ਮਿਲਦੀ ਹੀ ਰੇਲਵੇ ਪੁਲਸ ਪ੍ਰਸ਼ਾਸਨ ਸਮੇਤ ਜ਼ਿਲ੍ਹੇ ਦੇ ਆਲਾ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਹਨ ਅਤੇ ਰਾਹਤ ਕੰਮ ਸ਼ੁਰੂ ਕਰ ਦਿੱਤਾ ਹੈ। ਹਾਦਸੇ ਦੇ ਸ਼ਿਕਾਰ ਲੋਕਾਂ ਨੂੰ ਰੇਲ ਦੀਆਂ ਬੋਗੀਆਂ ’ਚੋਂ ਕੱਢਣ ਤੋਂ ਬਾਅਦ ਸਥਾਨਕ ਹਸਪਤਾਲ ਭੇਜਿਆ ਜਾ ਰਿਹਾ ਹੈ।
ਘਟਨਾ ਵੀਰਵਾਰ ਨੂੰ ਸ਼ਾਮ ਕਰੀਬ 5:15 ਵਜੇ ਦੀ ਹੈ। ਬੀਕਾਨੇਰ ਐਕਸਪ੍ਰੈੱਸ ਰੇਲ ਦੀਆਂ 12 ਬੋਗੀਆਂ ਪਟਰੀ ਤੋਂ ਉਤਰ ਗਈਆਂ ਹਨ ਅਤੇ ਸਵਾਰੀਆਂ ਨਾਲ ਭਰੇ 4 ਡੱਬੇ ਪੂਰੀ ਤਰ੍ਹਾਂ ਪਲਟ ਗਏ ਹਨ। ਇਨ੍ਹਾਂ ’ਚੋਂ ਇਕ ਡੱਬਾ ਪਾਣੀ ’ਚ ਵੀ ਉਤਰ ਗਿਆ ਹੈ, ਜਿਸ ਵਿਚੋਂ ਫਸੇ ਯਾਤਰੀਆਂ ਨੂੰ ਕੱਢਿਆ ਜਾ ਰਿਹਾ ਹੈ।
ਜ਼ਖ਼ਮੀ ਯਾਤਰੀਆਂ ਨੂੰ ਇਲਾਜ ਪਹੁੰਚਾਉਣ ਲਈ 30-40 ਐਂਬੁਲੈਂਸ ਘਟਨਾ ਵਾਲੀ ਥਾਂ ਲਈ ਰਵਾਨਾ ਕਰ ਦਿੱਤੀਆਂ ਗਈਆਂ ਹਨ ਅਤੇ ਸਿਲੀਗੁੜੀ ਤੋਂ ਰਿਲੀਫ ਰੇਲ ਭੇਜੀ ਜਾ ਰਹੀ ਹੈ। ਉੱਤਰੀ ਬੰਗਾਲ ਦੇ ਮੈਡੀਕਲ ਕਾਲਜ ਅਲਰਟ ’ਤੇ ਰੱਖੇ ਗਏ ਹਨ। ਸਾਰੇ ਡਾਕਟਰਾਂ ਅਤੇ ਮੈਡੀਕਲ ਸਟਾਫ ਨੂੰ ਛੇਤੀ ਤੋਂ ਛੇਤੀ ਰਿਪੋਰਟ ਕਰਨ ਲਈ ਕਿਹਾ ਗਿਆ ਹੈ।
ਰੇਲ ਹਾਦਸੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਗੱਲ ਕੀਤੀ ਹੈ। ਦੱਸ ਦੇਈਏ ਕਿ ਮੁੱਖ ਮੰਤਰੀ ਮਮਤਾ ਕੋਵਿਡ-19 ਨਾਲ ਉਪਜੇ ਹਲਾਤਾਂ ਨੂੰ ਲੈ ਕੇ ਹੋ ਰਹੀ ਮੀਟਿੰਗ ’ਚ ਪੀ.ਐੱਮ. ਮੋਦੀ ਨਾਲ ਵੀਡੀਓ ਕਾਨਫਰੰਸ ਰਾਹੀਂ ਜੁੜੀ ਸੀ।