ਬਿਹਾਰ ''ਚ ਸਥਾਪਤ ਹੋਇਆ ਵਿਸ਼ਵ ਦਾ ਸਭ ਤੋਂ ਵੱਡਾ ਸ਼ਿਵਲਿੰਗ, 33 ਫੁੱਟ ਹੈ ਉੱਚਾਈ
Saturday, Jan 17, 2026 - 06:02 PM (IST)
ਮੋਤਿਹਾਰੀ- ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸ਼ਨੀਵਾਰ ਨੂੰ ਪੂਰਬੀ ਚੰਪਾਰਨ ਜ਼ਿਲ੍ਹੇ 'ਚ ਨਿਰਮਾਣ ਅਧੀਨ ਵਿਰਾਟ ਰਾਮਾਇਣ ਮੰਦਰ ਦੇ ਸਥਾਨ ਦਾ ਦੌਰਾ ਕੀਤਾ। ਇਸ ਦੌਰਾਨ ਮੰਦਰ ਕੰਪਲੈਕਸ 'ਚ 33 ਫੁੱਟ ਉੱਚੇ ਇਕ ਵਿਸ਼ਾਲ ਸ਼ਿਵਲਿੰਗ ਦੀ ਸਥਾਪਨਾ ਕੀਤੀ ਗਈ। ਜ਼ਿਲ੍ਹੇ 'ਚ ਮੁੱਖ ਮੰਤਰੀ ਦੀ 'ਸਮ੍ਰਿਧੀ ਯਾਤਰਾ' ਦੌਰਾਨ ਨਿਤੀਸ਼ ਕੁਮਾਰ ਨਾਲ ਉੱਪ ਮੁੱਖ ਮੰਤਰੀ ਸਮਾਰਟ ਚੌਧਰੀ, ਵਿਜੇ ਕੁਮਾਰ ਸਿਨਹਾ ਅਤੇ ਹੋਰ ਅਧਿਕਾਰੀ ਵੀ ਮੌਜੂਦ ਰਹੇ। ਕੁਮਾਰ ਨੇ ਮੰਦਰ ਸਥਾਨ ਦਾ ਨਿਰੀਖਣ ਕੀਤਾ ਅਤੇ ਜਾਰੀ ਨਿਰਮਾਣ ਕੰਮਾਂ ਦੀ ਜਾਣਕਾਰੀ ਲਈ। ਮੰਦਰ 'ਚ ਵਿਸ਼ਾਲ ਸ਼ਿਵਲਿੰਗ ਦੀ ਸਥਾਪਨਾ ਦੌਰਾਨ ਵੱਡੀ ਗਿਣਤੀ 'ਚ ਸ਼ਰਧਾਲੂ ਪ੍ਰਾਰਥਨਾ ਕਰਨ ਲਈ ਪਹੁੰਚੇ ਸਨ। ਤਾਮਿਲਨਾਡੂ ਦੇ ਮਹਾਬਲੀਪੁਰਮ 'ਚ ਬਣੇ ਇਸ 33 ਫੁੱਟ ਉੱਚੇ ਸ਼ਿਵਲਿੰਗ ਦਾ ਭਾਰ 210 ਮੀਟ੍ਰਿਕ ਟਨ ਹੈ। ਇਸ ਨੂੰ ਵਿਸ਼ੇਸ਼ ਰੂਪ ਨਾਲ ਤਿਆਰ ਕੀਤੇ ਗਏ 96 ਪਹੀਆਂ ਵਾਲੇ 'ਟ੍ਰੇਲਰ' ਤੇ ਕਲਿਆਣਪੁਰ ਲਿਆਂਦਾ ਗਿਆ। ਇਸ ਨੂੰ ਮੋਤਿਹਾਰੀ ਪਹੁੰਚਣ 'ਚ 45 ਦਿਨ ਲੱਗੇ।
ਬਿਹਾਰ ਰਾਜ ਧਾਰਮਿਕ ਨਿਆਸ ਪ੍ਰੀਸ਼ਦ (ਬੀਐੱਸਆਰਟੀਸੀ) ਦੇ ਮੈਂਬਰ ਸਾਇਨ ਕੁਨਾਲ ਅਤੇ ਉਨ੍ਹਾਂ ਦੀ ਪਤਨੀ ਅਤੇ ਸਮਸਤੀਪੁਰ ਦੀ ਸੰਸਦ ਮੈਂਬਰ ਸੰਭਵੀ ਚੌਧਰੀ ਨੇ ਸ਼ਿਵਲਿੰਗ ਦੀ ਸਥਾਪਨਾ ਦੌਰਾਨ ਇਕ ਯੱਗ 'ਚ ਹਿੱਸਾ ਲਿਆ। ਕੁਨਾਲ ਨੇ ਦੱਸਿਆ,''ਇਹ ਸ਼ਿਵਲਿੰਗ ਇਕ ਹੀ ਚੱਟਾਨ ਨਾਲ ਬਣਿਆ ਹੈ, ਇਸ ਲਈ ਇਸ ਨੂੰ ਵਿਸ਼ਵ ਦਾ ਸਭ ਤੋਂ ਵੱਡਾ ਸ਼ਿਵਲਿੰਗ ਮੰਨਿਆ ਜਾਂਦਾ ਹੈ।'' ਉਨ੍ਹਾਂ ਕਿਹਾ,''ਇਸ ਸ਼ਿਵਲਿੰਗ 'ਚ 1008 ਛੋਟੇ ਸ਼ਿਵਲਿੰਗ ਬਣੇ ਹਨ। ਇਸ ਦੀ ਪੂਜਾ ਕਰਨ ਨਾਲ ਭਗਤਾਂ ਨੂੰ 1008 ਸ਼ਿਵਲਿੰਗਾਂ ਦੀ ਪੂਜਾ ਕਰਨ ਦੇ ਬਰਾਬਰ ਪੁੰਨ ਪ੍ਰਾਪਤ ਹੁੰਦਾ ਹੈ।''
ਕੁਨਾਲ ਨੇ ਇਹ ਵੀ ਦੱਸਿਆ ਕਿ ਵਿਰਾਟ ਰਾਮਾਇਣ ਮੰਦਰ ਦਾ ਨਿਰਮਾਣ 2030 ਤੱਕ ਪੂਰਾ ਹੋ ਜਾਵੇਗਾ। ਪਟਨਾ ਸਥਿਤ ਮਹਾਵੀਰ ਮੰਦਰ ਟਰੱਸਟ ਦੀ ਟੀਮ ਪੂਰੇ ਪ੍ਰਾਜੈਕਟ ਦੀ ਨਿਗਰਾਨੀ ਕਰ ਰਹੀ ਹੈ। ਮੰਦਰ ਦਾ ਨੀਂਹ ਪੱਧਰ 20 ਜੂਨ, 2023 ਨੂੰ ਬੀਐੱਸਆਰਟੀਸੀ ਦੇ ਸਾਬਕਾ ਪ੍ਰਧਾਨ ਸਵ. ਆਚਾਰੀਆ ਕਿਸ਼ੋਰ ਕੁਨਾਲ ਨੇ ਰੱਖੀ ਸੀ। ਕਿਸ਼ੋਰ ਕੁਨਾਲ ਦੇ ਬੇਟੇ ਸਾਇਨ ਕੁਨਾਲ ਨੇ ਦੱਸਿਆ ਕਿ ਮੁੱਖ ਮੰਦਰ ਦੀ ਉੱਚਾਈ 270 ਫੁੱਟ ਹੋਵੇਗੀ, ਜਦੋਂ ਕਿ ਮੰਦਰ ਕੰਪਲੈਕਸ 'ਚ 18 ਮੀਨਾਰਾਂ ਅਤੇ ਵੱਖ-ਵੱਖ ਦੇਵੀ-ਦੇਵਤਿਆਂ ਲਈ 22 ਮੰਦਰ ਹੋਣਗੇ। ਇਸ ਤੋਂ ਪਹਿਲਾਂ ਦਿਨ 'ਚ ਮੁੱਖ ਮੰਤਰੀ ਨੇ ਪੱਛਮੀ ਚੰਪਾਰਨ ਜ਼ਿਲ੍ਹੇ 'ਚ ਕਈ ਵਿਕਾਸ ਪ੍ਰਾਜੈਕਟਾਂ ਦਾ ਸ਼ੁੱਭ ਆਰੰਭ ਕੀਤਾ ਅਤੇ ਸਮ੍ਰਿਧੀ ਯਾਤਰਾ ਦੌਰਾਨ ਮਹਿਲਾ ਆਈਟੀਆਈ ਕੇਂਦਰ ਦਾ ਨਿਰੀਖਣ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
