ਬਿਹਾਰ ਪੁਲਸ ਜਨਤਾ ਨੂੰ ਦੇ ਰਹੀ ਹੈ ਮੌਕਾ, ਨਹੀਂ ਕੱਟ ਰਹੀ ਚਾਲਾਨ

Tuesday, Sep 10, 2019 - 04:06 PM (IST)

ਬਿਹਾਰ ਪੁਲਸ ਜਨਤਾ ਨੂੰ ਦੇ ਰਹੀ ਹੈ ਮੌਕਾ, ਨਹੀਂ ਕੱਟ ਰਹੀ ਚਾਲਾਨ

ਬਿਹਾਰ (ਭਾਸ਼ਾ)- ਬਿਹਾਰ ਦੇ ਮੋਤੀਹਾਰੀ ਸ਼ਹਿਰ ਵਿਚ ਮੋਟਰਸਾਈਕਲ ਸਵਾਰਾਂ ਨਾਲ ਪੁਲਸ ਦਾ ਅਨੋਖਾ ਵਤੀਰਾ ਸਾਹਮਣੇ ਆਇਆ ਹੈ। ਦਰਅਸਲ ਬਿਨਾਂ ਹੈਲਮੇਟ ਜਾਂ ਜਿਨ੍ਹਾਂ ਦਾ ਬੀਮਾ ਖਤਮ ਹੋ ਚੁੱਕਾ ਹੈ, ਉਨ੍ਹਾਂ ਦਾ ਚਲਾਨ ਕੱਟਣ ਦੀ ਥਾਂ ਪੁਲਸ ਉਨ੍ਹਾਂ ਨੂੰ ਆਪਣੀ ਗਲਤੀ ਸੁਧਾਰਨ ਦਾ ਮੌਕਾ ਦੇ ਰਹੀ ਹੈ। ਇਸ ਲਈ ਪੁਲਸ ਨੇ ਜਾਂਚ ਚੌਕੀਆਂ 'ਤੇ ਹੀ ਵਿਵਸਥਾ ਕੀਤੀ ਹੈ, ਤਾਂ ਕਿ ਮੋਟਰਸਾਈਕਲ  ਤੁਰੰਤ ਹੈਲਮੇਟ ਖਰੀਦ ਸਕੇ ਅਤੇ ਵਾਹਨ ਬੀਮਾ ਦੇ ਰੀਨਿਊ ਕਰਵਾ ਸਕੇ। ਇਸ ਮੁਹਿੰਮ ਦੀ ਸ਼ੁਰੂਆਤ ਪੂਰਬੀ ਚੰਪਾਰਣ ਜ਼ਿਲੇ ਦੇ ਮੋਤੀਹਾਰੀ ਵਿਚ ਛਤੌਨੀ ਥਾਣੇ ਦੇ ਐੱਸ. ਐੱਚ. ਓ. ਮੁਕੇਸ਼ ਚੰਦ ਕੁੰਵਰ ਨੇ ਕੀਤੀ ਹੈ। 

ਉਨ੍ਹਾਂ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੈਂ ਕੁਝ ਹੈਲਮੇਟ ਵੇਚਣ ਵਾਲਿਆਂ ਅਤੇ ਬੀਮਾ ਏਜੰਟਾਂ ਨਾਲ ਗੱਲ ਕੀਤੀ ਹੈ, ਜਿਨ੍ਹਾਂ ਨੇ ਜਾਂਚ ਚੌਕੀਆਂ ਕੋਲ ਸਟਾਲ ਲਾਏ ਹਨ। ਮੋਟਰਸਾਈਕਲ ਸਵਾਰਾਂ 'ਤੇ ਜੁਰਮਾਨਾ ਨਹੀਂ ਲਾਇਆ ਜਾ ਰਿਹਾ ਹੈ, ਕਿਉਂਕਿ ਇਸ ਤੋਂ ਉਹ ਖੁਦ ਨੂੰ ਅਪਰਾਧੀ ਮਹਿਸੂਸ ਕਰਦੇ ਹਨ। ਉਨ੍ਹਾਂ ਕਿਹਾ ਕਿ ਜ਼ਿਲਾ ਟਰਾਂਸਪੋਰਟ ਵਿਭਾਗ ਤੋਂ ਇਕ ਅਧਿਕਾਰੀ ਨੂੰ ਤਾਇਨਾਤ ਕਰਨ ਦੀ ਵੀ ਬੇਨਤੀ ਕੀਤੀ ਹੈ, ਜੋ ਬਿਨਾਂ ਲਾਇਸੈਂਸ ਦੇ ਗੱਡੀ ਚਲਾ ਰਹੇ ਲੋਕਾਂ ਨੂੰ ਮੌਕੇ 'ਤੇ ਲਰਨਰ ਲਾਇਸੈਂਸ ਜਾਰੀ ਕਰ ਦੇਣ।

ਉਨ੍ਹਾਂ ਇਹ ਵੀ ਕਿਹਾ ਕਿ ਜਨਤਾ ਵਿਚਾਲੇ ਇਸ ਗੱਲ ਦੀ ਵੀ ਧਾਰਨਾ ਵਧ ਰਹੀ ਹੈ ਕਿ ਸੋਧ ਕੀਤੇ ਗਏ ਮੋਟਰ ਵਾਹਨ ਐਕਟ ਨੇ ਪੁਲਸ ਨੂੰ ਜ਼ਬਰਨ ਪੈਸਾ ਕੱਢਵਾਉਣ ਲਈ ਖੁੱਲ੍ਹੀ ਛੋਟ ਦੇ ਦਿੱਤੀ ਹੈ। ਕੁੰਵਰ ਨੇ ਹਾਲਾਂਕਿ ਕਿਹਾ ਕਿ ਹਮਦਰਦੀ ਦੇ ਆਧਾਰ 'ਤੇ ਸਾਰੇ ਅਪਰਾਧੀਆਂ ਨੂੰ ਮੁਆਫ਼ ਨਹੀਂ ਕੀਤਾ ਜਾ ਸਕਦਾ। ਜੇਕਰ ਕੋਈ ਵਿਅਕਤੀ ਸ਼ਰਾਬ ਦੇ ਨਸ਼ੇ 'ਚ ਫੜਿਆ ਜਾਂਦਾ ਹੈ ਤਾਂ ਕਾਨੂੰਨ ਮੁਤਾਬਕ ਕਾਰਵਾਈ ਕਰਨ ਤੋਂ ਇਲਾਵਾ ਕੋਈ ਬਦਲ ਨਹੀਂ ਬਚਦਾ ਹੈ।


author

Tanu

Content Editor

Related News