''ਮਾਂ-ਬਾਪ ਦੀ ਸੇਵਾ ਨਾ ਕਰਨ ''ਤੇ ਬੱਚਿਆਂ ਨੂੰ ਜਾਣਾ ਪਵੇਗਾ ਜੇਲ''
Thursday, Jun 13, 2019 - 05:06 PM (IST)

ਪਟਨਾ— ਬਿਹਾਰ ਸਰਕਾਰ ਨੇ ਇਕ ਵੱਡਾ ਫੈਸਲਾ ਕੀਤਾ ਹੈ। ਜਿਸ ਅਨੁਸਾਰ ਮਾਂ-ਬਾਪ ਨਾਲ ਗਲਤ ਵਤੀਰਾ ਕਰਨ 'ਤੇ ਹੁਣ ਬੱਚਿਆਂ ਨੂੰ ਜੇਲ ਜਾਣਾ ਪਵੇਗਾ। ਨਿਤੀਸ਼ ਕੁਮਾਰ ਦੀ ਪ੍ਰਧਾਨਗੀ 'ਚ ਮੰਗਲਵਾਰ ਨੂੰ ਹੋਈ ਕੈਬਨਿਟ ਦੀ ਬੈਠਕ 'ਚ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਜਿਸ 'ਚ ਕਿਹਾ ਗਿਆ ਹੈ ਕਿ ਜੇਕਰ ਬਿਹਾਰ 'ਚ ਰਹਿਣ ਵਾਲੇ ਬੱਚੇ ਆਪਣੇ ਮਾਂ-ਬਾਪ ਦਾ ਅਪਮਾਨ ਕਰਦੇ ਹਨ ਜਾਂ ਉਨ੍ਹਾਂ ਨਾਲ ਗਲਤ ਵਤੀਰਾ ਕਰਦੇ ਹੋਏ ਤਾਂ ਉਨ੍ਹਾਂ ਨੂੰ ਜੇਲ ਜਾਣਾ ਪਵੇਗਾ। ਜੇਕਰ ਕਿਸੇ ਦੇ ਮਾਂ-ਬਾਪ ਇਸ ਦੀ ਸ਼ਿਕਾਇਤ ਕਰਦੇ ਹਨ ਕਿ ਉਨ੍ਹਾਂ ਦੀ ਸੰਤਾਨ ਸੇਵਾ ਨਹੀਂ ਕਰਦੀ ਹੈ ਤਾਂ ਅਜਿਹੇ ਬੱਚਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਰਾਜ ਸਰਕਾਰ ਨੇ ਮੰਨਿਆ ਹੈ ਕਿ ਅਜਿਹੇ ਮਾਂ-ਬਾਪ ਜਿਨ੍ਹਾਂ ਦੇ ਬੱਚੇ ਉਨ੍ਹਾਂ ਨਾਲ ਗਲਤ ਵਤੀਰਾ ਕਰਦੇ ਹਨ, ਉਨ੍ਹਾਂ ਨੂੰ ਕਾਨੂੰਨੀ ਸੁਰੱਖਿਆ ਪ੍ਰਦਾਨ ਕਰਨਾ ਰਾਜ ਸਰਕਾਰ ਦੀ ਜ਼ਿੰਮੇਵਾਰੀ ਹੈ।
ਕੈਬਨਿਟ ਦੀ ਬੈਠਕ 'ਚ ਬੱਚਿਆਂ ਵਲੋਂ ਮਾਂ-ਬਾਪ ਦੀ ਸੇਵਾ ਕਰਨਾ ਜ਼ਰੂਰੀ ਬਣਾ ਦਿੱਤਾ ਗਿਆ ਹੈ। ਸਰਕਾਰ ਦੇ ਇਸ ਨਿਯਮ ਦੀ ਪਾਲਣਾ ਨਾ ਕਰਨ ਅਤੇ ਮਾਂ-ਬਾਪ ਦੀ ਸੇਵਾ ਨਾ ਕਰਨ ਵਾਲੀ ਸੰਤਾਨ ਨੂੰ ਜੇਲ ਜਾਣਾ ਪਵੇਗਾ। ਜਾਣਕਾਰੀ ਅਨੁਸਾਰ ਬਿਹਾਰ ਸਰਕਾਰ ਨੇ ਪਿਛਲੇ ਦਿਨੀਂ ਇਕ ਸਰਵੇ ਕਰਵਾਇਆ ਸੀ, ਜਿਸ 'ਚ ਇਸ ਗੱਲ ਦਾ ਖੁਲਾਸਾ ਹੋਇਆ ਕਿ ਰਾਜ 'ਚ ਰਹਿਣ ਵਾਲੇ ਬਜ਼ੁਰਗ ਮਾਤਾ-ਪਿਤਾ ਦੀ ਹਾਲਤ ਠੀਕ ਨਹੀਂ ਹੈ। ਜਿਸ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪ੍ਰਧਾਨਗੀ 'ਚ ਹੋਈ ਇਸ ਬੈਠਕ 'ਚ ਕੁੱਲ 15 ਪ੍ਰਸਤਾਵਾਂ 'ਤੇ ਮੋਹਰ ਲੱਗੀ ਹੈ। ਕੈਬਟਿਨ ਦੀ ਬੈਠਕ 'ਚ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਅੱਤਵਾਦੀ ਘਟਨਾਵਾਂ 'ਚ ਸ਼ਹੀਦ ਹੋਏ ਬਿਹਾਰ ਦੇ ਜਵਾਨਾਂ ਦੇ ਪਰਿਵਾਰ ਵਾਲਿਆਂ ਨੂੰ ਬਿਹਾਰ ਸਰਕਾਰ ਨੇ ਨੌਕਰੀ ਦੇਣ ਦਾ ਵੀ ਫੈਸਲਾ ਕੀਤਾ ਹੈ।